ਕਿਸਾਨਾਂ ਨੇ ਮੰਡੀਆਂ ਵਿਚ ਕਣਕ ਦੀ ਖ਼ਰੀਦ ਤੇ ਹੋਰ ਪ੍ਰਬੰਧਾਂ ਤੇ ਸੰਤੁਸ਼ਟੀ ਜ਼ਾਹਰ ਕੀਤੀ

ਫ਼ਰੀਦਕੋਟ 19 ਅਪ੍ਰੈਲ: ਫ਼ਰੀਦਕੋਟ ਜ਼ਿਲ੍ਹੇ ਵਿੱਚ 10 ਅਪ੍ਰੈਲ ਤੋਂ ਕਣਕ ਦੀ ਖਰੀਦ ਨਿਰਵਿਘਨ ਜਾਰੀ ਹੈ ਤੇ ਇਸ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਕਿਸਾਨਾਂ, ਆੜਤੀਆਂ, ਲੇਬਰ ਆਦਿ ਦੀ ਸਹੂਲਤ ਲਈ 68 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਖਰੀਦ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਮੇਂ ਸਿਰ ਕਣਕ ਦੀ ਖ਼ਰੀਦ ਕਰਕੇ ਕਿਸਾਨਾਂ ਨੂੰ ਮੰਡੀਆਂ ਤੋਂ ਫਾਰਗ ਕੀਤਾ ਜਾ ਰਿਹਾ ਹੈ, ਉਥੇ ਹੀ ਮੰਡੀ ਬੋਰਡ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਛਾਂ, ਪੀਣ ਵਾਲੇ ਪਾਣੀ,ਸਫਾਈ ਤੇ ਕਰੋਨਾ ਤੋਂ ਬਚਾਅ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ।

Advertisements

ਜ਼ਿਲ੍ਹੇ ਦੇ ਖ਼ਰੀਦ ਕੇਂਦਰ ਮੁਮਾਰਾ (ਮਾਰਕੀਟ ਕਮੇਟੀ ਸਾਦਿਕ) ਵਿਖੇ ਆਪਣੀ ਕਣਕ ਦੀ ਫਸਲ ਲੈ ਕੇ ਪੁੱਜੇ ਪਿੰਡ ਢਿਲਵਾਂ ਖੁਰਦ ਦੇ ਨੌਜਵਾਨ ਕਿਸਾਨ ਹਰਮਨਬੀਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਹੀ ਆਪਣੀ ਕਣਕ ਦੀ ਫਸਲ ਲੈ ਕੇ ਮੰਡੀ ਵਿੱਚ ਪੁੱਜਾ। ਜਿੱਥੇ ਉਸ ਦੀ ਫ਼ਸਲ ਨਿਸ਼ਚਿਤ ਸਥਾਨ ਤੇ ਉਤਾਰੀ ਗਈ। ਇਸ ਉਪਰੰਤ ਲੇਬਰ ਵੱਲੋਂ ਕਣਕ ਨੂੰ ਪੱਖਾ ਲਗਾਇਆ ਗਿਆ ਅਤੇ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਜਾਂਚ ਕਰਕੇ ਉਸ ਨੂੰ ਬਾਰਦਾਨਾ ਦਿੱਤਾ ਗਿਆ ਅਤੇ ਦੁਪਹਿਰ ਤੱਕ ਉਸ ਨੇ ਆਪਣੀ ਕਣਕ ਤੁਲਵਾ ਦਿੱਤੀ ਅਤੇ ਹੁਣ ਉਹ ਵਿਹਲਾ ਹੋ ਕੇ ਆਪਣੇ ਘਰ ਜਾ ਰਿਹਾ ਹੈ। ਇਸੇ ਤਰ੍ਹਾਂ ਜੈਤੋ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਖਰੀਦ ਕੇਂਦਰ ਜੈਤੋ ਵਿਖੇ ਕਿਸਾਨਾਂ ਲਈ ਵਧੀਆ ਛਾਂ, ਪੀਣ ਵਾਲੇ ਪਾਣੀ, ਸਫ਼ਾਈ, ਸੈਨੇਟਾਈਜ਼ਰ ਆਦਿ ਦਾ ਪ੍ਰਬੰਧ ਹੈ ਅਤੇ ਉਹ ਅੱਜ ਹੀ ਆਪਣੀ ਫਸਲ ਮੰਡੀ ਵਿਚ ਲਿਆਇਆ ਹੈ ਅਤੇ ਵੇਚ ਕੇ ਘਰ ਜਾ ਰਿਹਾ ਹੈ।

ਕਿਸਾਨਾਂ ਨੇ ਮੰਡੀਆਂ ਵਿਚ ਪੁਖਤਾ ਪ੍ਰਬੰਧਾਂ ਲਈ ਮੰਡੀ ਬੋਰਡ, ਖਰੀਦ ਏਜੰਸੀਆਂ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਹੀ ਸਾਦਿਕ ਮੰਡੀ ਵਿਚ ਪੁੱਜੇ ਪਿੰਡ ਸ਼ਾਮ ਸਿੰਘ ਵਾਲਾ ਦੇ ਕਿਸਾਨ ਜਗਸੀਰ ਸਿੰਘ ਨੇ ਕਿਹਾ ਕਿ ਉਹ ਮੰਡੀਆਂ ਵਿਚ ਖ਼ਰੀਦ ਸਬੰਧੀ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਤੇ ਉਸ ਨੇ 2 ਟਰਾਲੀਆਂ ਕਣਕ ਮੰਡੀ ਵਿੱਚ ਲਿਆਂਦੀ ਜੋ ਆਉਣ ਸਾਰ ਹੀ ਪੱਖਾ ਲੱਗਣ ਤੇ ਸਫ਼ਾਈ ਉਪਰੰਤ ਵਿਕ ਗਈ। ਇਸੇ ਤਰ੍ਹਾਂ ਕਿਸਾਨ ਬਲਵਿੰਦਰ ਸਿੰਘ ਨੇ ਵੀ ਆਪਣੀ ਫਸਲ ਪਿੰਡ ਮੱਲਾਂ ਦੇ ਖ਼ਰੀਦ ਕੇਂਦਰ ਵਿੱਚ ਲਿਆਂਦੀ ਤੇ ਉਸੇ ਦਿਨ ਵਿਕ ਗਈ। ਕਿਸਾਨਾਂ ਨੇ ਇਸ ਉਪਰਾਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਸਰਹਾਨਾ ਕਰਦਿਆਂ ਕਿਹਾ ਕਿ ਕਿਸਾਨ ਵੀ ਮੰਡੀਆਂ ਵਿੱਚ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਕੇ ਖਰੀਦ ਏਜੰਸੀਆਂ ਤੇ ਮੰਡੀ ਬੋਰਡ ਨੂੰ ਸਹਿਯੋਗ ਦੇ ਰਹੇ ਹਨ।

ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਜ਼ਿਲ੍ਹੇ ਦੇ ਜਿਹੜੇ ਵੀ ਖ਼ਰੀਦ ਕੇਂਦਰਾਂ ਵਿੱਚ ਬਾਰਦਾਨੇ ਦੀ ਸਮੱਸਿਆ ਆ ਰਹੀ ਸੀ ਉਸ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਲੋੜ ਅਨੁਸਾਰ ਬਾਰਦਾਨਾ ਭੇਜਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਆੜ੍ਹਤੀਆਂ ਨੂੰ ਵੀ ਆਪਣਾ ਬਾਰਦਾਨਾ ਵਰਤਣ ਦੀ ਖੁੱਲ੍ਹ ਦਿੱਤੀ ਗਈ ਹੈ ਜਿਸ ਨਾਲ ਬਾਰਦਾਨੇ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਤਕ ਜ਼ਿਲੇ ਦੇ ਖਰੀਦ ਕੇਂਦਰਾਂ ਵਿੱਚ 247602 ਮੀਟਰਿਕ ਟਨ ਕਣਕ ਦੀ ਆਮਦ ਹੋਈ ਜਿਸ ਵਿੱਚ ਖ਼ਰੀਦ ਏਜੰਸੀਆਂ ਵੱਲੋਂ 208802 ਮੀਟਰਕ ਟਨ ਕਣਕ ਖਰੀਦੀ ਗਈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ, ਆੜ੍ਹਤੀਆਂ, ਲੇਬਰ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਅ ਲਈ ਮੰਡੀਆਂ ਵਿੱਚ ਸਾਵਧਾਨੀਆਂ ਵਰਤੀਆਂ ਜਾਣ।

LEAVE A REPLY

Please enter your comment!
Please enter your name here