ਬਟਾਲਾ ਦਾਣਾ ਮੰਡੀ ਵਿੱਚ ਚੱਲ ਰਹੀ ਕਣਕ ਦੀ ਖਰੀਦ ਤੋਂ ਕਿਸਾਨ ਪੂਰੀ ਤਰ੍ਹਾਂ ਖੁਸ਼

ਬਟਾਲਾ, 19 ਅਪ੍ਰੈਲ : ਜ਼ਿਲ੍ਹੇ ਦੀ ਸਭ ਤੋਂ ਵੱਡੀ ਬਟਾਲਾ ਦਾਣਾ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਨਿਰਵਿਘਨ ਚੱਲ ਰਹੀ ਹੈ। ਕਿਸਾਨਾਂ ਦੀ ਫਸਲ ਉਸੇ ਦਿਨ ਹੀ ਵਿਕ ਰਹੀ ਹੈ ਅਤੇ ਸਵੇਰੇ ਫਸਲ ਲੈ ਕੇ ਆਏ ਕਿਸਾਨ ਬਾਅਦ ਦੁਪਹਿਰ ਤੱਕ ਆਪਣੀ ਫਸਲ ਵੇਚ ਕੇ ਘਰਾਂ ਨੂੰ ਜਾ ਰਹੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਪੂਰਾ ਭਾਅ ਮਿਲ ਰਿਹਾ ਹੈ ਅਤੇ ਮੰਡੀਆਂ ਵਿੱਚ ਰਾਜ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਤੋਂ ਕਿਸਾਨ ਪੂਰੀ ਤਰ੍ਹਾਂ ਖੁਸ਼ ਹਨ।

Advertisements

ਬਟਾਲਾ ਦਾਣਾ ਮੰਡੀ ਵਿੱਚ ਕਣਕ ਦੀ ਫਸਲ ਲੈ ਕੇ ਆਏ ਪਿੰਡ ਐਮਾ ਦੇ ਕਿਸਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਹੀ ਆਪਣੀ ਕਣਕ ਦੀ ਫਸਲ ਬਟਾਲਾ ਮੰਡੀ ਵਿੱਚ ਲੈ ਕੇ ਆਇਆ ਸੀ ਅਤੇ ਆਉਂਦੇ ਸਾਰ ਹੀ ਉਸਦੀ ਢੇਰੀ ਦੀ ਸਫ਼ਾਈ ਕੀਤੀ ਗਈ ਅਤੇ ਨਾਲ ਹੀ ਖਰੀਦ ਏਜੰਸੀ ਵੱਲੋਂ ਪੂਰੇ ਭਾਅ ’ਤੇ ਉਸਦੀ ਫਸਲ ਖਰੀਦ ਲਈ ਗਈ। ਕਿਸਾਨ ਰਵਿੰਦਰ ਸਿੰਘ ਨੇ ਕਿਹਾ ਕਿ ਬਟਾਲਾ ਮੰਡੀ ਵਿੱਚ ਖਰੀਦ ਬਹੁਤ ਵਧੀਆ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਆਈ।

ਇਸੇ ਤਰਾਂ ਇੱਕ ਹੋਰ ਕਿਸਾਨ ਅਵਤਾਰ ਸਿੰਘ ਧੁੱਪਸੜੀ ਨੇ ਦੱਸਿਆ ਕਿ ਉਹ ਅੱਜ ਸਵੇਰੇ ਹੀ ਆਪਣੀ ਕਣਕ ਲੈ ਕੇ ਆਇਆ ਸੀ ਅਤੇ ਦੁਪਹਿਰ ਤੱਕ ਉਸਦੀ ਫਸਲ ਵਿੱਕ ਗਈ ਹੈ। ਉਸਨੇ ਦੱਸਿਆ ਕਿ ਕਿਸਾਨ ਬਟਾਲਾ ਮੰਡੀ ਵਿੱਚ ਕਣਕ ਦੀ ਖਰੀਦ ਤੋਂ ਪੂਰੀ ਤਰਾਂ ਸੰਤੁਸ਼ਟ ਹਨ। ਅਵਤਾਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਬਚਾ ਲਈ ਵੀ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਸਨੇ ਦੱਸਿਆ ਕਿ ਮੰਡੀ ਵਿੱਚ ਵੈਕਸੀਨੇਸ਼ਨ ਦਾ ਵਿਸ਼ੇਸ਼ ਕੈਂਪ ਚੱਲ ਰਿਹਾ ਹੈ ਅਤੇ ਕਿਸਾਨ ਓਥੇ ਵੈਕਸੀਨ ਵੀ ਲਗਵਾ ਰਹੇ ਹਨ।

ਓਧਰ ਮਾਰਕਿਟ ਕਮੇਟੀ ਬਟਾਲਾ ਦੇ ਸਕੱਤਰ ਸ. ਬਿਕਰਮਜੀਤ ਸਿੰਘ ਨੇ ਕਿਹਾ ਕਿ ਬਟਾਲਾ ਮੰਡੀ ਅਤੇ ਮਾਰਕਿਟ ਕਮੇਟੀ ਦੇ ਅਧੀਨ ਆਉਂਦੀਆਂ ਹੋਰ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਵਿਡ-19 ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆੜ੍ਹਤੀਏ ਵੱਲੋਂ ਦਿੱਤੇ ਟੋਕਨ ਅਨੁਸਾਰ ਹੀ ਆਪਣੀ ਫਸਲ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਮੰਡੀ ਵਿੱਚ ਸੋਸਲ ਡਿਸਟੈਂਸ ਨੂੰ ਕਾਇਮ ਰੱਖਿਆ ਜਾ ਸਕੇ।

LEAVE A REPLY

Please enter your comment!
Please enter your name here