ਤਲਾਕ ਲੈਣ ਦੀ ਥਾਂ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਪਿਛਲੀਆਂ ਗੱਲਾਂ ਭੁਲਾਉਣ ਪਤੀ-ਪਤਨੀ-ਜਸਟਿਸ ਢੀਂਡਸਾ

ਪਟਿਆਲਾ(ਦ ਸਟੈਲਰ ਨਿਊਜ਼): ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਲੋਕਾਂ ਨੂੰ ਜਲਦੀ ਅਤੇ ਸਸਤੇ ‘ਚ ਇਨਸਾਫ਼ ਪ੍ਰਦਾਨ ਕਰਨ ਵਿੱਚ ਲੋਕ ਅਦਾਲਤਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਅੱਜ ਕੌਮੀ ਲੋਕ ਅਦਾਲਤ ਦਾ ਜਾਇਜ਼ਾ ਲੈਣ ਪਟਿਆਲਾ ਜ਼ਿਲ੍ਹਾ ਕਚਿਹਰੀਆਂ ਵਿਖੇ ਪੁੱਜੇ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ ਪਰਿਵਾਰਕ ਅਦਾਲਤ ਦੇ ਮੁੱਖ ਜੱਜ ਲਖਵਿੰਦਰ ਕੌਰ ਤੇ ਵਧੀਕ ਮੁੱਖ ਜੱਜ ਦੀਪਿਕਾ ਸਿੰਘ ਦੀਆਂ ਅਦਾਲਤਾਂ ‘ਚ ਪਰਿਵਾਰਕ ਝਗੜੇ ਕਰਕੇ ਜਾਂ ਤਲਾਕ ਲੈਣ ਝਗੜਾ ਲੜ ਰਹੇ ਪਤੀ-ਪਤਨੀ ਜੋੜਿਆਂ ਨੂੰ ਜੋਰ ਦੇ ਕੇ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਪਿੱਛਲੀਆਂ ਗੱਲਾਂ ਨੂੰ ਭੁਲਾ ਕੇ ਆਪਣੀ ਜਿੰਦਗੀ ਅੱਗੇ ਵਧਾਉਣ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਅਤੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਤਰਸੇਮ ਮੰਗਲਾ ਵੀ ਮੌਜੂਦ ਸਨ।
ਇਸ ਮੌਕੇ ਕਈ ਪਤੀ-ਪਤਨੀ ਜੋੜਿਆਂ ਨੂੰ ਸਮਝਾਉਂਦਿਆਂ ਜਸਟਿਸ ਢੀਂਡਸਾ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਜਿੰਦਗੀ ‘ਤੇ ਮਾਪਿਆਂ ਦੇ ਅੱਡ ਹੋਣ ਦਾ ਧੱਬਾ ਲੱਗਣ ਤੋਂ ਰੋਕਣ ਤੇ ਟੁੱਟੇ ਘਰ ਮੁੜ ਤੋਂ ਵਸਾਉਣ ਲਈ ਪਿਛਲੇ ਸਾਰੇ ਗਿਲੇ-ਸ਼ਿਕਵੇ ਭੁਲਾ ਦੇਣ। ਇਸ ਤਰ੍ਹਾਂ ਜਸਟਿਸ ਢੀਂਡਸਾ ਦੇ ਦਖਲ ਨਾਲ ਦੋਵਾਂ ਪਰਿਵਾਰਕ ਅਦਾਲਤਾਂ ‘ਚ 7 ਅਤੇ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਮੁਨੀਸ਼ ਅਰੋੜਾ ਦੀ ਅਦਾਲਤ ‘ਚ 2 ਮਾਮਲੇ ਮੌਕੇ ‘ਤੇ ਸੁਲਝਣ ਨਾਲ ਕੁਲ 9 ਜੋੜਿਆਂ ਦਰਮਿਆਨ ਮੌਕੇ ‘ਤੇ ਹੀ ਆਪਸੀ ਰਜਾਮੰਦੀ ਹੋਣ ਕਰਕੇ ਟੁੱਟਦੇ ਘਰ ਮੁੜ ਵੱਸੇ। ਇਸ ਤੋਂ ਪਹਿਲਾਂ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਤਰਸੇਮ ਮੰਗਲਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਵਰੁਣ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ ਆਲਮ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੇ.ਪੀ ਸਿੰਘ ਤੇ ਹੋਰ ਮੈਂਬਰਾਂ ਸਮੇਤ ਜ਼ਿਲ੍ਹਾ ਅਟਾਰਟੀ (ਪ) ਦੇਵਿੰਦਰ ਗੋਇਲ ਨੇ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦਾ ਪਟਿਆਲਾ ਪੁੱਜਣ ‘ਤੇ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੀ.ਜੇ.ਐਮ. ਸੁਸ਼ਮਾ ਦੇਵੀ, ਸੀ.ਜੇ.ਐਮ. ਅਮਿਤ ਮੱਲ੍ਹਣ ਤੇ ਮੋਨਿਕਾ ਸ਼ਰਮਾ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਜਸਟਿਸ ਢੀਂਡਸਾ ਨੇ ਰਾਜਪੁਰਾ ਵਿਖੇ ਵੀ ਕੌਮੀ ਲੋਕ ਅਦਾਲਤ ਦੇ ਬੈਂਚਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਐਸ.ਓ.ਐਸ. ਬਾਲ ਪਿੰਡ ਵਿਖੇ ਵੀ ਦੌਰਾ ਕੀਤਾ।
ਅੱਜ ਕੌਮੀ ਲੋਕ ਅਦਾਲਤ ਮੌਕੇ ਪਟਿਆਲਾ ਜ਼ਿਲ੍ਹੇ ‘ਚ 28 ਜੁਡੀਸ਼ੀਅਲ ਬੈਂਚਾਂ ਦਾ ਗਠਨ ਕੀਤਾ ਗਿਆ, ਇਨ੍ਹਾ ‘ਚੋਂ 17 ਪਟਿਆਲਾ ਜ਼ਿਲ੍ਹਾ ਅਦਾਲਤੀ ਕੰਪਲੈਕਸ, 5 ਰਾਜਪੁਰਾ, 3 ਨਾਭਾ ਤੇ 3 ਸਮਾਣਾ ਵਿਖੇ ਗਠਿਤ ਕੀਤੇ ਗਏ ਤੇ ਇਸ ਦੌਰਾਨ 12920 ਮਾਮਲੇ ਵੱਖ-ਵੱਖ ਮਾਮਲੇ ਬੈਂਚਾਂ ਮੂਹਰੇ ਰੱਖੇ ਗਏ ਅਤੇ 4547 ਮਾਮਲੇ ਆਪਸੀ ਰਜ਼ਾਮੰਦੀ ਨਾਲ ਨਿਪਟਾਏ ਗਏ ਅਤੇ 708130886 ਰੁਪਏ ਅਵਾਰਡ ਪਾਸ ਕੀਤੇ ਗਏ। ਇਸ ਤੋਂ ਬਿਨ੍ਹਾਂ ਮਹਿਲਾ ਪੁਲਿਸ ਥਾਣੇ ਵਿਖੇ ਵਿਆਹਾਂ ਸਬੰਧੀ ਝਗੜੇ ਨਿਪਟਾਉਣ ਲਈ ਇੱਕ ਸਹਿਯੋਗੀ ਬੈਂਚ ਸਮੇਤ ਸਥਾਈ ਲੋਕ ਅਦਾਲਤ ਅਤੇ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਿਖੇ ਵੀ ਬਕਾਇਆ ਮਾਮਲੇ ਨਿਪਟਾਉਣ ਲਈ ਬੈਂਚ ਗਠਿਤ ਕੀਤੇ ਗਏ ਸਨ। ਜਦੋਂਕਿ ਮਾਲ ਅਦਾਲਤ ਵਿਖੇ ਵੀ ਖਾਨਗੀ ਤਕਸੀਮ ਤੇ ਇੰਤਕਾਲਾਂ ਦੇ ਮਾਮਲੇ ਨਿਬੇੜੇ ਗਏ।
ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਰਾਜ ਭਰ ‘ਚ ਅੱਜ ਕੌਮੀ ਲੋਕ ਅਦਾਲਤ ਲਗਾਈ ਗਈ ਹੈ ਅਤੇ ਇਸ ‘ਚ 233000 ਮਾਮਲੇ ਜ਼ਿਲ੍ਹਿਆਂ ‘ਚ ਬੈਂਚਾਂ ਮੂਹਰੇ ਪੇਸ਼ ਕੀਤੇ ਗਏ ਹਨ ਤੇ ਇਨ੍ਹਾਂ ‘ਚੋਂ ਬਹੁ ਗਿਣਤੀ ਆਪਸੀ ਰਜ਼ਾਮੰਦੀ ਨਾਲ ਨਿਪਟਾਏ ਗਏ। ਇਸੇ ਦੌਰਾਨ ਜ਼ਿਲ੍ਹਾ ਅਤੇ ਸ਼ੈਸਨਜ ਜੱਜ ਤਰਸੇਮ ਮੰਗਲਾ ਨੇ ਕਿਹਾ ਕਿ ਲੋਕ ਅਦਾਲਤਾਂ ਲਗਾਤਾਰ ਲਗਾਕੇ ਲੋਕਾਂ ਨੂੰ ਜਲਦੀ ਤੇ ਸਸਤੇ ‘ਚ ਇਨਸਾਫ਼ ਦਿਵਾਇਆ ਜਾ ਰਿਹਾ ਹੈ ਤਾਂ ਕਿ ਲੰਬਿਤ ਮਾਮਲਿਆਂ ਨੂੰ ਨਿਬੇੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ‘ਚ ਕੋਈ ਵੀ ਧਿਰ ਹਾਰਦੀ ਨਹੀਂ ਇਸ ਲਈ ਇਸ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਇਸ ਦੇ ਫੈਸਲੇ ਵਿਰੁੱਧ ਕੋਈ ਅਪੀਲ ਵੀ ਨਹੀਂ ਹੋ ਸਕਦੀ ਸਗੋਂ ਕੋਈ ਕੋਰਟ ਫੀਸ ਜਮ੍ਹਾ ਕਰਵਾਈ ਗਈ ਹੋਵੇ ਤਾਂ ਉਹ ਵੀ ਵਾਪਸ ਹੋ ਜਾਂਦੀ ਹੈ।

Advertisements

LEAVE A REPLY

Please enter your comment!
Please enter your name here