ਡੀ.ਸੀ. ਵੱਲੋਂ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆੜ੍ਹਤੀ ਐਸੋਸੀਏਸ਼ਨ, ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਨਾਲ ਮੀਟਿੰਗ

ਫਰੀਦਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਜਿਲ੍ਹੇ ਵਿੱਚ ਚੱਲ ਰਹੇ ਕਣਕ ਦੇ ਖਰੀਦ ਪ੍ਰਬੰਧਾਂ ਵਿੱਚ ਸਹਿਯੋਗ ਲਈ ਜਿਲ੍ਹੇ ਦੀ ਮਾਰਕਿਟ ਕਮੇਟੀ ਫਰੀਦਕੋਟ, ਕੋਟਕਪੂਰਾ, ਜੈਤੋ ਅਤੇ ਸਾਦਿਕ ਦੇ ਚੇਅਰਮੈਨਾਂ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਨੁੰਮਾਇਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਡੀ.ਐਫ.ਐਸ.ਸੀ. ਮੈਡਮ ਜਸਜੀਤ ਕੌਰ ਤੋਂ ਇਲਾਵਾ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Advertisements

ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਪਿਛਲੇ ਇਕ ਦੋ ਦਿਨਾਂ ਤੋਂ ਖਰਾਬ ਮੌਸਮ ਕਾਰਨ ਕਣਕ ਦੀ ਖਰੀਦ ਵਿੱਚ ਕੁਝ ਦੇਰੀ ਹੋਈ ਹੈ ਅਤੇ ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਆਪਣਾ ਬਾਰਦਾਨਾ ਵਰਤਣ ਦੀ ਖੁੱਲ੍ਹ ਦਿੱਤੀ ਗਈ ਹੈ ਅਤੇ ਉਹ ਜਾਰੀ ਮਾਪਦੰਡਾਂ ਅਨੁਸਾਰ ਬਾਰਦਾਨੇ ਦੀ ਵਰਤੋਂ ਕਰਨ ਤਾਂ ਜੋ ਖਰੀਦ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਸਪਲਾਈ ਵਿੱਚ ਕੁਝ ਮੁਸ਼ਕਿਲ ਆਉਣ ਕਾਰਨ ਬਾਰਦਾਨੇ ਦੀ ਘਾਟ ਆਈ ਸੀ ਜਿਸ ਨੂੰ ਸਰਕਾਰ ਨੇ ਹੱਲ ਕਰਦਿਆਂ ਹੁਣ ਆੜ੍ਹਤੀਆਂ ਨੂੰ ਹੀ ਬਾਰਦਾਨਾ ਵਰਤਣ ਦੀ ਖੁੱਲ੍ਹ ਦਿੱਤੀ ਹੈ। ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ, ਖਰੀਦ ਏਜੰਸੀਆਂ ਨਾਲ ਤਾਲਮੇਲ ਕਰਕੇ ਅਤੇ ਆਪਣਾ ਖੁਦ ਦਾ ਬਾਰਦਾਨਾ ਵਰਤ ਕੇ ਖਰੀਦ ਪ੍ਰਬੰਧਾਂ ਨੂੰ ਨੇਪੜ੍ਹੇ ਚਾੜ੍ਹਨ ਅਤੇ ਬਾਰਦਾਨੇ ਦੀ ਸਪਲਾਈ ਹੋਣ ਉਪਰੰਤ ਉਨ੍ਹਾਂ ਨੂੰ ਹੋਰ ਬਾਰਦਾਨਾ ਅਲਾਟ ਕਰ ਦਿੱਤਾ ਜਾਵੇਗਾ।

ਇਸ ਮੀਟਿੰਗ ਵਿੱਚ ਹਾਜ਼ਰ ਆੜ੍ਹਤੀ ਐਸੋਸੀਏਸ਼ਨ ਫਰੀਦਕੋਟ, ਕੋਟਕਪੂਰਾ, ਜੈਤੋ ਅਤੇ ਸਾਦਿਕ ਦੇ ਨੁੰਮਾਇੰਦਿਆਂ ਨੇ ਮੰਡੀਆਂ ਵਿੱਚ ਖਰੀਦ ਸਬੰਧੀ ਆ ਰਹੀਆਂ ਮੁਸ਼ਕਿਲਾਂ ਤੋਂ ਵੀ ਡਿਪਟੀ ਕਮਿਸ਼ਨਰ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਉਹ ਅੱਜ ਤੋਂ ਹੀ ਆਪਣੇ ਬਾਰਦਾਨੇ ਦੀ ਵਰਤੋਂ ਸ਼ੁਰੂ ਕਰਕੇ ਕਣਕ ਦੀ ਖਰੀਦ ਵਿੱਚ ਆਪਣਾ ਪੂਰਨ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਅਗਲੇ ਇਕ ਦੋ ਦਿਨਾਂ ਦੇ ਵਿੱਚ ਹੀ ਮੰਡੀਆਂ ਵਿੱਚੋਂ ਕਣਕ ਦੀ ਜ਼ਿਆਦਾਤਰ ਖਰੀਦ ਕਰ ਲਈ ਜਾਵੇਗੀ।ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਕੀਤੀ ਕਿ ਮੰਡੀਆਂ ਵਿੱਚ ਪਹਿਲਾਂ ਪਈ ਕਣਕ ਦੀ ਲਿਫਟਿੰਗ ਨੂੰ ਹੋਰ ਤੇਜ਼ ਕੀਤਾ ਜਾਵੇ।

ਇਸ ਮੌੋਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਸਮੂਹ ਆੜ੍ਹਤੀਆਂ ਐਸੋਸੀਏਸ਼ਨਾਂ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਖਰੀਦ ਕਾਰਜਾਂ ਵਿੱਚ ਵਧੀਆ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਹੁਣ ਉਨ੍ਹਾਂ ਵੱਲੋਂ ਸਰਕਾਰ ਦੇ ਮਾਪਦੰਡਾਂ ਅਨੁਸਾਰ ਆਪਣਾ ਬਾਰਦਾਨਾ ਵਰਤ ਕੇ ਕਣਕ ਦੀ ਖਰੀਦ ਵਿੱਚ ਆਪਣਾ ਯੋਗਦਾਨ ਪਾਉਣ ਨਾਲ ਇਸ ਸਮੱਸਿਆ ਦਾ ਵੱਡਾ ਹੱਲ ਹੋ ਜਾਵੇਗਾ ਅਤੇ ਕਣਕ ਦੀ ਖਰੀਦ ਜਿਲ੍ਹੇ ਵਿੱਚ ਹੋਰ ਸੁਚਾਰੂ ਢੰਗ ਨਾਲ ਹੋ ਸਕੇਗੀ।ਇਸ ਮੌਕੇ ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀਆਂ ਵਿੱਚ ਖਰੀਦੀ ਗਈ ਆਪਣੀ ਆਪਣੀ ਕਣਕ ਦੀ ਲਿਫਟਿੰਗ ਤੁਰੰਤ ਕਰਵਾਉਣ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

ਇਸ ਮੀਟਿੰਗ ਵਿੱਚ ਸ: ਗਿੰਦਰ ਸਿੰਘ ਸੇਖੋਂ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਮਹਾਸ਼ਾ ਲਖਵੰਤ ਸਿੰਘ ਬਰਾੜ ਚੇਅਰਮੈਨ ਕੋਟਕਪੂਰਾ, ਸਿੰਕਦਰ ਸਿੰਘ ਬਰਾੜ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਗੌਰਵ ਗਰਗ ਜਿਲ੍ਹਾ ਮੰਡੀ ਅਫਸਰ, ਕੁਲਭੂਸ਼ਨ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਫਰੀਦਕੋਟ, ਕ੍ਰਿਸ਼ਨ ਗੋਇਲ ਕੋਟਕਪੂਰਾ, ਮਨਿੰਦਰ ਸਿੰਘ, ਪਰਮਜੀਤ ਸਿੰਘ ਸੋਨੀ ਸਾਦਿਕ, ਲਖਵੀਰ ਸਿੰਘ ਮੱਲੀ ਜੈਤੋ ਤੇ ਸਮਸ਼ੇਰ ਸਿੰਘ ਜੰਡ ਸਾਹਿਬ ਸਮੇਤ ਵੱਖ ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here