ਆਈ.ਏ.ਐਸ. ਅਧਿਕਾਰੀ ਵਿਸ਼ੇਸ਼ ਸਾਰੰਗਲ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਸੰਭਾਲਿਆ ਅਹੁਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਈ.ਏ.ਐਸ. ਅਧਿਕਾਰੀ ਵਿਸ਼ੇਸ਼ ਸਾਰੰਗਲ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਬਤੌਰ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਮੌਜੂਦਾ ਸਿਹਤ ਸੰਕਟ ਦੇ ਮੱਦੇਨਜ਼ਰ ਕੋਰੋਨਾ ਮਹਾਮਾਰੀ ਦੀ ਰੋਕਥਾਮ, ਲੋਕ ਮਸਲਿਆਂ ਦਾ ਸਮਾਂਬੱਧ ਨਬੇੜਾ ਅਤੇ ਸਰਕਾਰੀ ਦਫ਼ਤਰਾਂ ਵਿਚ ਸੁਚੱਜਾ ਪ੍ਰਸ਼ਾਸਨ ਦੇਣਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ। 2013 ਬੈਚ ਦੇ ਆਈ.ਏ.ਐਸ. ਵਿਸ਼ੇਸ਼ ਸਾਰੰਗਲ ਨੇ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਕੋਵਿਡ-19 ਨੂੰ ਹੋਰ ਫੈਲਣੋ ਰੋਕਣਾ ਅੱਜ ਸਮੇਂ ਦੀ ਮੁੱਖ ਮੰਗ ਹੈ ਤਾਂ ਜੋ ਇਸ ਵਾਇਰਸ ਕਾਰਨ ਹੋਰ ਕੀਮਤੀ ਜਾਨਾਂ ਨਾ ਜਾ ਸਕਣ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਹੋਰ ਅਸਰਦਾਰ ਢੰਗ ਨਾਲ ਮੈਨੇਜਮੈਂਟ ਨੂੰ ਯਕੀਨੀ ਬਨਾਉਂਦਿਆਂ ਇਸ ਵਾਇਰਸ ਦੀ ਰੋਕਥਾਮ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਤੋਂ ਲੋੜੀਂਦੀਆਂ ਸੇਵਾਵਾਂ ਜ਼ਿਲ੍ਹੇ ਵਿਚ ਚੱਲ ਰਹੇ ਸੇਵਾ ਕੇਂਦਰਾਂ ਰਾਹੀਂ ਸਮੇਂ ਸਿਰ ਬਿਨ੍ਹਾਂ ਕਿਸੇ ਰੁਕਾਵਟ ਤੋਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਜਨਤਕ ਮਸਲਿਆਂ ਦਾ ਢੁਕਵਾਂ ਹੱਲ ਵੀ ਅਮਲ ਵਿਚ ਲਿਆਂਦਾ ਜਾਵੇਗਾ।

Advertisements


ਹੁਸ਼ਿਆਰਪੁਰ ਵਿਚ ਅਹੁਦਾ ਸੰਭਾਲਣ ਤੋਂ ਪਹਿਲਾਂ ਜਲੰਧਰ ਵਿਖੇ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਸੇਵਾਵਾਂ ਦੇ ਚੁੱਕੇ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਕੋਵਿਡ ਕੇਸਾਂ ਵਿੱਚ ਆਈ ਕਮੀ ਅਤੇ ਹਾਲਾਤ ਕੁਝ ਸਾਜਗਾਰ ਹੋ ਜਾਣ ਨਾਲ ਹੁਸ਼ਿਆਰਪੁਰ ਵਿਚ ਸ਼ੁਰੂ ਹੋਏ ਵਿਕਾਸ ਕਾਰਜ ਅਤੇ ਪ੍ਰੋਜੈਕਟਾਂ ਦੀ ਰਫ਼ਤਾਰ ਵਿਚ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਜਲਦ ਤੋਂ ਜਲਦ ਮਿਲ ਸਕਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਕੰਮਾਂ ਵੱਲ ਵਿਸ਼ੇਸ਼ ਤਵੱਜੋਂ ਦੇ ਕੇ ਸੇਵਾ ਕੇਂਦਰਾਂ ਦੀ ਕਾਰਗੁਜਾਰੀ ਵਿਚ ਹੋਰ ਨਿਖਾਰ ਲਿਆਉਂਦਿਆਂ ਨਾਗਰਿਕ ਸੇਵਾਵਾਂ ਘੱਟੋ-ਘੱਟ ਸਮੇਂ ਵਿਚ ਮੁਹੱਈਆ ਕਰਵਾਉਣ ’ਤੇ ਵੀ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹੇ ਵਿਚ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਆਪੋ-ਆਪਣੀਆਂ ਡਿਊਟੀਆਂ ਪੂਰੀ ਸ਼ਿੱਦਤ ਅਤੇ ਸਮਰਪਿਤ ਭਾਵਨਾ ਨਾਲ ਕਰਦਿਆਂ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਬਿਨ੍ਹਾਂ ਕਿਸੇ ਦੇਰੀ ਤੋਂ ਮੁਹੱਈਆ ਕਰਵਾਉਣ।


ਜ਼ਿਕਰਯੋਗ ਹੈ ਕਿ ਵਿਸ਼ੇਸ਼ ਸਾਰੰਗਲ ਐਸ.ਡੀ.ਐਮ. ਮਲੋਟ, ਵਧੀਕ ਕਮਿਸ਼ਨਰ ਲੁਧਿਆਣਾ, ਸੀ.ਈ.ਓ. ਸਮਾਰਟ ਸਿਟੀ ਜਲੰਧਰ, ਵਧੀਕ ਕਮਿਸ਼ਨਰ ਨਗਰ ਨਿਗਮ ਜਲੰਧਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਵਜੋਂ ਸੇਵਾਵਾਂ ਦੇ ਚੁੱਕੇ ਹਨ। ਇਹ ਵੀ ਦੱਸਣਯੋਗ ਹੈ ਕਿ ਵਿਸ਼ੇਸ਼ ਸਾਰੰਗਲ ਨੇ ਥਾਪਰ ਇੰਸਟੀਚਿਊਟ ਪਟਿਆਲਾ ਤੋਂ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਵਿਚ ਬੀ.ਟੈਕ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਬੰਬੇ ਤੋਂ ਐਮ.ਬੀ.ਏ. ਦੀ ਡਿਗਰੀ ਹਾਸਲ ਕੀਤੀ ਹੋਈ ਹੈ।  

LEAVE A REPLY

Please enter your comment!
Please enter your name here