ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਬਲਾਕ ਦਸੂਹਾ ਦਾ ਹੋਇਆ ਗਠਨ

ਮੁਕੇਰੀਆਂ (ਦ ਸਟੈਲਰ ਨਿਊਜ਼)। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ਼.) ਦੇ ਝੰਡੇ ਹੇਠ ਦਸੂਹਾ ਬਲਾਕ ਦੇ ਅਧਿਆਪਕਾਂ ਦੀ ਇੱਕ ਭਰਵੀਂ ਇਕੱਤਰਤਾ ਸ਼੍ਰੀ ਗੁਰੂ ਰਵਿਦਾਸ ਭਵਨ ਦਸੂਹਾ ਵਿਖੇ ਹੋਈ। ਇਸ ਮੌਕੇ ਉੱਤੇ ਡੀ.ਟੀ.ਐੱਫ਼. ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ਇੰਦਰ ਸੁਖਦੀਪ ਸਿੰਘ ਓਢਰਾ ਅਤੇ ਡੈਮੋਕ੍ਰੈਟਿਕ ਮੁਲਾਜ਼ਮ ਫ਼ਰੰਟ ਦੇ ਸੂਬਾ ਪ੍ਰੈੱਸ ਸਕੱਤਰ ਅਜੀਬ ਦਿਵੇਦੀ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ। ਇਸ ਮੌਕੇ ਉੱਤੇ ਸੰਬੋਧਨ ਕਰਦਿਆਂ ਸਮੂਹ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ ਦੇ ਹਰੇਕ ਪ੍ਰਾਇਮਰੀ ਸਕੂਲ ਵਿੱਚ ਦੋ-ਦੋ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕਰਕੇ ਹਰੇਕ ਪ੍ਰਾਇਮਰੀ ਸਕੂਲ ਵਿੱਚ ਜਮਾਤਾਂ ਦੀ ਗਿਣਤੀ ਤਾਂ ਪੰਜ ਤੋਂ ਵਧਾ ਕੇ ਸੱਤ ਕਰ ਦਿੱਤੀ ਗਈ ਹੈ, ਪਰ ਬੜੇ ਦੁੱਖ ਅਤੇ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸੱਤ ਜਮਾਤਾਂ ਨੂੰ ਪੜ੍ਹਾਉਣ ਲਈ ਹੋਰ ਨਵੇਂ ਅਧਿਆਪਕ ਦੇਣ ਦੀ ਬਜਾਇ ਸਕੂਲਾਂ ਵਿੱਚ ਦਹਾਕਿਆਂ ਤੋਂ ਮਨਜ਼ੂਰ ਅਧਿਆਪਕਾਂ ਦੀਆਂ ਪਹਿਲੀਆਂ ਪ੍ਰਵਾਨਿਤ ਅਸਾਮੀਆਂ ਨੂੰ ਹੀ ਸਰਕਾਰ ਵਲੋਂ ਈ-ਪੰਜਾਬ ਪੋਰਟਲ ਉੱਤੋਂ ਇੱਕੋ ਹੱਲੇ ਨਾਲ਼ ਗ਼ਾਇਬ ਕਰਕੇ ਇੱਕੋ ਝਟਕੇ ਨਾਲ਼ ਪੰਜਾਬ ਦੇ ਸਕੂਲਾਂ ਨੂੰ ਅਧਿਆਪਕਾਂ ਤੋਂ ਸੱਖਣੇ ਕਰ ਦਿੱਤਾ ਹੈ।

Advertisements

ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਸਰਕਾਰ ਦੱਸੇ ਕਿ ਸਕੂਲ ਵਿੱਚ ਸਿਰਫ਼ ਇੱਕ ਹੀ ਅਧਿਆਪਕ ਸੱਤ ਜਮਾਤਾਂ ਨੂੰ ਇਕੱਲਾ ਕਿਵੇਂ ਸੰਭਾਲੇ ਅਤੇ ਸਕੂਲ ਦੇ ਹੋਰ ਪ੍ਰਬੰਧਕੀ ਕੰਮ ਕਿਵੇਂ ਕਰੇ? ਉਨ੍ਹਾਂ ਕਿਹਾ ਕਿ ਇਕੱਲੇ ਪ੍ਰਾਇਮਰੀ ਹੀ ਨਹੀਂ ਬਲਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ ਵੀ ਹਜ਼ਾਰਾਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਖ਼ਤਮ ਕੀਤੀਆਂ ਅਸਾਮੀਆਂ ਨੂੰ ਤੁਰੰਤ ਬਹਾਲ ਕਰਕੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਅਤੇ ਕੱਚੇ ਅਧਿਆਪਕਾਂ ਨੂੰ ਪੱਕਾ ਰੋਜ਼ਗਾਰ ਦੇਵੇ। ਇਸ ਮੌਕੇ ਉੱਤੇ ਹਾਜ਼ਰ ਅਧਿਆਪਕਾਂ ਨੇ ਸਰਬਸੰਮਤੀ ਨਾਲ਼ ਡੀ.ਟੀ.ਐੱਫ਼. ਦੀ ਬਲਾਕ ਕਾਰਜਕਾਰਣੀ ਕਮੇਟੀ ਦਾ ਗਠਨ ਕਰਦਿਆਂ ਅਧਿਆਪਕ ਆਗੂ ਮਨਜੀਤ ਸਿੰਘ ਦਸੂਹਾ ਨੂੰ ਬਲਾਕ ਪ੍ਰਧਾਨ, ਨਿਰਮਲ ਸਿੰਘ ਨਿਹਾਲਪੁਰ ਨੂੰ ਬਲਾਕ ਜਨਰਲ ਸਕੱਤਰ ਅਤੇ ਹਰਦੀਪ ਵਾਸੂਦੇਵਾ ਨੂੰ ਵਿੱਤ ਸਕੱਤਰ ਚੁਣਿਆ ਅਤੇ ਬਾਕੀ ਅਹੁਦੇਦਾਰ ਚੁਣਨ ਦਾ ਅਧਿਕਾਰ ਇਨ੍ਹਾਂ ਤਿੰਨਾਂ ਨੂੰ ਦਿੱਤਾ।

ਨਵੇਂ ਚੁਣੇ ਤਿੰਨਾਂ ਅਹੁਦੇਦਾਰਾਂ ਨੇ ਕਿਹਾ ਕਿ ਉਹ ਬਲਾਕ ਦੇ ਅਧਿਆਪਕਾਂ ਦੇ ਮਸਲੇ ਹੱਲ ਕਰਾਉਣ ਲਈ ਸਦਾ ਯਤਨਸ਼ੀਲ ਰਹਿਣਗੇ ਅਤੇ ਡੀ.ਟੀ.ਐੱਫ਼. ਅਤੇ ਸਾਂਝੇ ਅਧਿਆਪਕ ਮੋਰਚੇ ਦੇ ਐਕਸ਼ਨਾਂ ਨੂੰ ਇੰਨ-ਬਿੰਨ ਲਾਗੂ ਕਰਨਗੇ। ਸਾਂਝੇ ਅਧਿਆਪਕ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਕੁਲਵੰਤ ਸਿੰਘ ਜਲੋਟਾ ਨੇ ਨਵੀਂ ਚੁਣੀ ਕਾਰਜਕਾਰਣੀ ਨੂੰ ਭਰਾਤਰੀ ਸੰਦੇਸ਼ ਦਿੱਤਾ। ਇਸ ਮੌਕੇ ਮੈਡਮ ਪੂਨਮਾ ਕੁਮਾਰੀ, ਅਮਰਦੀਪ ਕੌਰ, ਰਾਖੀ ਕੁਮਾਰੀ, ਜਸਵੀਰ ਕੌਰ, ਰਸਨਾ ਦੇਵੀ, ਮਨਿੰਦਰ ਕੌਰ, ਸੁਰਜੀਤ ਕੌਰ ਓਢਰਾ, ਮਨਜੀਤ ਕੌਰ, ਜਸਵਿੰਦਰ ਕੌਰ, ਬਲਜਿੰਦਰ ਕੌਰ, ਨਵਜੋਤ ਕੌਰ, ਜਸਵਿੰਦਰ ਝਿੰਗੜ, ਦਲਜਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਰਵਿੰਦਰ ਸਿੰਘ, ਪਰਮਜੀਤ ਠੱਕਰ, ਲੈਕਚਰਾਰ ਰੋਹਿਤ ਕੁਮਾਰ, ਲੈਕਚਰਾਰ ਸੁਨੀਲ ਕੁਮਾਰ, ਵਰਿੰਦਰ ਸਿੰਘ, ਲੈਕਚਰਾਰ ਸੰਦੀਪ ਕਲਸੀ, ਗੁਰਜਿੰਦਰ ਪਾਲ, ਹੰਸ ਰਾਜ, ਰਾਕੇਸ਼ ਕੁਮਾਰ, ਮਨਜੀਤ ਸਿੰਘ ਅਤੇ ਕੁਮਾਰ ਗੌਰਵ ਆਦਿ ਅਧਿਆਪਕ ਵੀ ਹਾਜ਼ਿਰ ਸਨ।

LEAVE A REPLY

Please enter your comment!
Please enter your name here