ਜ਼ਿਲ੍ਹਾ ਪ੍ਰਸ਼ਾਸਨ ਨੇ ਸਤੰਬਰ ਮਹੀਨੇ ਵਿੱਚ ਲਗਾਏ ਜਾਣ ਵਾਲੇ ਮੈਗਾ ਰੋਜ਼ਗਾਰ ਮੇਲੇ ਦੀਆਂ ਤਿਆਰੀਆਂ ਖਿੱਚੀਆਂ

ਜਲੰਧਰ (ਦ ਸਟੈਲਰ ਨਿਊਜ਼): ਜ਼ਿਲ੍ਹੇ ਵਿੱਚ ਸਤੰਬਰ ਮਹੀਨੇ ਦੌਰਾਨ ਲਗਾਏ ਜਾਣ ਵਾਲੇ ਮੈਗਾ ਰੋਜ਼ਗਾਰ ਮੇਲੇ ਵਿੱਚ ਵੱਧ ਤੋਂ ਵੱਧ ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਸ਼੍ਰੀ ਜਸਪ੍ਰੀਤ ਸਿੰਘ ਨੇ ਮੈਗਾ ਰੋਜ਼ਗਾਰ ਮੇਲੇ ਦੀ ਢੁੱਕਵੀਂ ਵਿਉਂਤਬੰਦੀ ਸਬੰਧੀ ਲਾਈਨ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਰੋਜ਼ਗਾਰ ਮੇਲੇ ਸਬੰਧੀ ਸਮੁੱਚੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ‘ ਅਧੀਨ ਜ਼ਿਲ੍ਹੇ ਵਿੱਚ 9 ਸਤੰਬਰ 2021 ਤੋਂ 17 ਸਤੰਬਰ 2021 ਤੱਕ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।

Advertisements

ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਭਾਗਾਂ ਨਾਲ ਸਬੰਧਤ ਪ੍ਰਾਈਵੇਟ ਏਜੰਸੀਆਂ/ਅਦਾਰਿਆਂ ਪਾਸੋਂ ਅਸਾਮੀਆਂ ਇਕੱਤਰ ਕਰਨ ਤਾਂ ਜੋ ਇਹ ਅਸਮੀਆਂ ਰੋਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਨੂੰ ਆਫ਼ਰ ਕੀਤੀਆਂ ਜਾ ਸਕਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਵਿੱਚ ਮਦਦ ਕੀਤੀ ਜਾ ਸਕੇ। ਸ਼੍ਰੀ ਸਿੰਘ ਨੇ ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਦੀ ਟੀਮ ਨੂੰ ਵੀ ਵੱਖ-ਵੱਖ ਨਿਯੋਜਕਾਂ ਨਾਲ ਸੰਪਰਕ ਕਰ ਕੇ ਵੱਧ ਤੋਂ ਵੱਧ ਅਸਾਮੀਆਂ ਇਕੱਤਰ ਕਰਨ ਲਈ ਕਿਹਾ ਤਾਂ ਜੋ ਮੈਗਾ ਰੋਜ਼ਗਾਰ ਮੇਲੇ ਵਿੱਚ ਪੁੱਜਣ ਵਾਲਾ ਕੋਈ ਵੀ ਯੋਗ ਉਮੀਦਵਾਰ ਰੋਜ਼ਗਾਰ ਤੋਂ ਵਾਂਝਾ ਨਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਮੈਗਾ ਰੋਜ਼ਗਾਰ ਮੇਲੇ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨ ਇਸ ਮੇਲੇ ਦਾ ਲਾਭ ਲੈ ਕੇ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਇਸ ਮੈਗਾ ਰੋਜ਼ਗਾਰ ਮੇਲੇ ਦਾ ਲਾਹਾ ਲੈਣ ਦੀ ਅਪੀਲ ਵੀ ਕੀਤੀ। ਮੀਟਿੰਗ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here