ਸ਼ਹੀਦ ਊਧਮ ਸਿੰਘ ਦੇ ਪਿਸਤੌਲ ਅਤੇ ਡਾਇਰੀ ਨੂੰ ਯੂਕੇ ਤੋਂ ਵਾਪਸ ਲੈਣ ਦਾ ਮਾਮਲਾ ਮੁੱਖ ਮੰਤਰੀ ਭਾਰਤ ਸਰਕਾਰ ਕੋਲ ਉਠਾਉਣਗੇ

Chandigarh: Punjab Chief Minister Captain Amarinder Singh addresses a press conference in Chandigarh, on May 23, 2019. (Photo: IANS)

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ) 31 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਛੇਤੀ ਹੀ ਸ਼ਹੀਦ ਊਧਮ ਸਿੰਘ ਦੇ ਪਿਸਤੌਲ ਅਤੇ ਡਾਇਰੀ ਨੂੰ ਯੂ.ਕੇ. ਤੋਂ ਵਾਪਸ ਲੈਣ ਦਾ ਮੁੱਦਾ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਉਠਾਇਆ ਜਾਵੇਗਾ। ਸ਼ਹੀਦ ਊਧਮ ਸਿੰਘ ਦੇ 82ਵੇਂ ਸ਼ਹੀਦੀ ਦਿਹਾੜੇ ਮੌਕੇ ਇੱਥੇ ਕਰਵਾਏ ਗਏ ਰਾਜ ਪੱਧਰੀ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਣਥੱਕ ਕੋਸ਼ਿਸ਼ਾਂ ਸਦਕਾ ਸ਼ਹੀਦ ਦੀਆਂ ਅਸਥੀਆਂ 40 ਸਾਲਾਂ ਬਾਅਦ ਭਾਰਤ ਵਾਪਸ ਲਿਆਂਦੀਆਂ ਗਈਆਂ। ਉਨ੍ਹਾਂ ਕਿਹਾ ਕਿ ਹੁਣ ਸ਼ਹੀਦ ਊਧਮ ਸਿੰਘ ਦੀ ਪਿਸਤੌਲ, ਜਿਸ ਨਾਲ ਉਨ੍ਹਾਂ ਨੇ ਪੰਜਾਬ ਦੇ ਤਤਕਾਲੀ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਮਾਰਿਆ ਸੀ, ਸਕਾਟਲੈਂਡ ਵਿੱਚ ਹੈ ਅਤੇ ਉਨ੍ਹਾਂ ਦੀ ਡਾਇਰੀ ਵੀ ਓਥੇ ਹੀ ਕਿਤੇ ਹੈ।

Advertisements

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਮਾਮਲਾ ਬ੍ਰਿਟਿਸ਼ ਹਾਈ ਕਮਿਸ਼ਨ ਕੋਲ ਉਠਾਉਣਾ ਚਾਹੀਦਾ ਹੈ ਤਾਂ ਜੋ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਇਹ ਚੀਜ਼ਾਂ ਵਾਪਸ ਲਿਆਂਦੀਆਂ ਜਾ ਸਕਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਨ ਸ਼ਹੀਦ ਦੀ ਇਹ ਅਮਾਨਤ ਵਿਦੇਸ਼ `ਚੋਂ ਵਾਪਸ ਲਿਆਉਣ ਤੋਂ ਬਾਅਦ ਇਨ੍ਹਾਂ ਨੂੰ ਆਮ ਲੋਕਾਂ ਲਈ ਇਥੋਂ ਦੇ ਅਜਾਇਬ ਘਰ ਵਿੱਚ ਰੱਖਿਆ ਜਾਵੇਗਾ ਕਿਉਂਕਿ ਸਰਕਾਰ ਇਨ੍ਹਾਂ ਨੂੰ ਵਿਸ਼ਵ ਪੱਧਰੀ ਇਤਿਹਾਸਕ ਯਾਦਗਾਰ ਬਣਾਉਣਾ ਚਾਹੁੰਦੀ ਹੈ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਸ਼ਹੀਦਾਂ ਦੀ ਯਾਦ ਵਿੱਚ ਜੱਲ੍ਹਿਆਂਵਾਲਾ ਬਾਗ, ਹੁਸੈਨੀਵਾਲਾ ਅਤੇ ਹੁਣ ਸ਼ਹੀਦ ਊਧਮ ਸਿੰਘ ਜਿਹੀਆਂ ਕਈ ਯਾਦਗਾਰਾਂ ਉਸਾਰੀਆਂ ਗਈਆਂ ਹਨ ਅਤੇ ਜਲਦ ਹੀ ਆਜ਼ਾਦੀ ਸੰਗਰਾਮ ਦੇ ਅਨੇਕਾਂ ਗੁੰਮਨਾਮ ਨਾਇਕਾਂ ਦੀ ਯਾਦ ਵਿੱਚ ਇੱਕ ਹੋਰ ਯਾਦਗਾਰ ਉਸਾਰੀ ਜਾਵੇਗੀ ਤਾਂ ਜੋ ਮਿੱਟੀ ਦੇ ਉਨ੍ਹਾਂ ਮਹਾਨ ਸਪੂਤਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਸਮਾਰਕ ਸਾਨੂੰ ਹਮੇਸ਼ਾ ਸਾਡੀ ਬਹਾਦਰੀ ਦੀ ਸ਼ਾਨਦਾਰ ਵਿਰਾਸਤ ਦੀ ਯਾਦ ਦਿਵਾਉਂਦੇ ਹਨ ਅਤੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਣ ਵਿੱਚ ਇਨ੍ਹਾਂ ਦੀ ਵੱਡੀ ਭੂਮਿਕਾ ਹੈ।

LEAVE A REPLY

Please enter your comment!
Please enter your name here