75ਵਾਂ ਆਜ਼ਾਦੀ ਦਿਹਾੜਾ: ਮੰਤਰੀ ਅਰੋੜਾ ਨੇ ਲਹਿਰਾਇਆ ਤਿਰੰਗਾ, ਹੁਸ਼ਿਆਰਪੁਰ ਲਈ ਕਈ ਵੱਡੇ ਪ੍ਰੋਜੈਕਟਾਂ ਦਾ ਐਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): 75ਵੇਂ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਪੁਲਿਸ ਲਾਈਨ ਗਰਾਊਂਡ ਵਿਚ ਮਨਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਂਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਸਦਕਾ ਹੀ ਅਸੀਂ ਸਾਰੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਕੌਮੀ ਝੰਡਾ ਲਹਿਰਾਉਣ ਉਪਰੰਤ ਆਪਣੇ ਭਾਸ਼ਣ ਵਿਚ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਆਉਣ ਵਾਲੇ ਸਮੇਂ ਵਿਚ ਹੁਸ਼ਿਆਰਪੁਰ ਲਈ ਵੱਖ-ਵੱਖ ਪ੍ਰੋਜੈਕਟਾਂ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਸਿਹਤ ਸੇਵਾਵਾਂ, ਫੌਜ ’ਚ ਸੇਵਾਵਾਂ ਦੇਣ ਦੇ ਇਛੁੱਕ ਨੌਜਵਾਨਾਂ ਨੂੰ ਲੋੜੀਂਦੀ ਸਿਖਲਾਈ, ਖੇਡਾਂ, ਸੈਰ-ਸਪਾਟਾ ਤੇ ਸਾਈਕÇਲੰਗ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਸ਼ਹਿਰ ਦੀ ਦਿੱਖ ਨੂੰ ਨਵਾਂ ਰੂਪ ਦੇਣਗੇ। ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਲੰਬੇ ਸੰਘਰਸ਼ ਦੇ ਮਹਾਨ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਨੂੰ ਸਿਜਦਾ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਕੋਰੋਨਾ ਮਹਾਮਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬੁਲੰਦ ਹੌਂਸਲਿਆਂ ਵਾਲੇ ਪੰਜਾਬੀਆਂ ਨੇ ਪਹਿਲੀਆਂ ਦੋ ਲਹਿਰਾਂ ਦਾ ਪੂਰੀ ਜਾਗਰੂਕਤਾ ਨਾਲ ਸਾਹਮਣਾ ਕਰਦਿਆਂ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਇਆ ਅਤੇ ਸੰਭਾਵੀਂ ਤੀਜੀ ਲਹਿਰ ਨੂੰ ਵੀ ਸਿਹਤ ਸਲਾਹਕਾਰੀਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਠੱਲ੍ਹ ਪਾ ਲਈ ਜਾਵੇਗੀ।

Advertisements


ਹੁਸ਼ਿਆਰਪੁਰ ਸ਼ਹਿਰ ਵਿਚ ਆਉਣ ਵਾਲੇ ਪ੍ਰੋਜੈਕਟਾਂ ਦਾ ਐਲਾਨ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ 4.19 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਸਰਕਾਰੀ ਕਾਲਜ ਵਿਚ ਲੜਕੀਆਂ ਲਈ ਬਨਣ ਵਾਲੇ ਆਧੁਨਿਕ ਹੋਸਟਲ ਦੀ ਉਸਾਰੀ 82 ਫੀਸਦੀ ਮੁਕੰਮਲ ਹੋ ਚੁੱਕੀ ਹੈ ਅਤੇ ਇਹ ਪ੍ਰੋਜੈਕਟ ਜਲਦ ਹੀ ਵਿਦਿਆਰਥਣਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ. ਬਹਾਦਰ ਅਮੀਂ ਚੰਦ ਸੋਨੀ ਹਥਿਆਰਬੰਦ ਸੈਨਾਵਾਂ ਪ੍ਰੈਪਰੇਟਰੀ ਇੰਸਟੀਚਿਊਟ ਦਾ ਕੰਮ ਵੀ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਇਹ ਪ੍ਰੋਜੈਕਟ ਅਗਲੇ ਸਾਲ ਤੱਕ 12.75 ਏਕੜ ਰਕਬੇ ’ਤੇ 27 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਹਥਿਆਰਬੰਦ ਸੈਨਾਵਾਂ ’ਚ ਸੇਵਾਵਾਂ ਦੇਣ ਦੇ ਇਛੁੱਕ ਨੌਜਵਾਨਾਂ ਨੂੰ ਵੱਡਾ ਲਾਭ ਮਿਲੇਗਾ। ਸ਼ਹਿਰ ਅੰਦਰ ਬਨਣ ਵਾਲੀ ਫੂਡ ਸਟਰੀਟ ਸਬੰਧੀ ਉਨ੍ਹਾਂ ਦੱਸਿਆ ਕਿ ਕਰੀਬ ਇਕ ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨਾਲ ਸ਼ਹਿਰ ਦੀ ਸੁੰਦਰਤਾ ਵਿਚ ਵਾਧੇ ਦੇ ਨਾਲ-ਨਾਲ ਸ਼ਹਿਰ ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।


ਪੰਜਾਬ ਸਰਕਾਰ ਵਲੋਂ ਬਣਾਈ ਜਾਣ ਵਾਲੀ ਲੇਕ ਅਤੇ ਪਾਰਕ ਬਾਰੇ ਉਦਯੋਗ ਮੰਤਰੀ ਨੇ ਕਿਹਾ ਕਿ 5 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਨਣ ਵਾਲਾ ਇਹ ਪ੍ਰੋਜੈਕਟ ਲੋਕਾਂ ਦੀ ਖਿੱਚ ਦਾ ਕੇਂਦਰ ਹੋਵੇਗਾ ਜਿਥੇ ਸੈਰਗਾਹ, ਮਿਊਜ਼ੀਕਲ ਲਾਈਟ ਫਾਊਂਟੇਨ, ਵਾਟਰ ਬਾਡੀ, ਓਪਨ ਏਅਰ ਥੀਏਟਰ ਆਦਿ ਸਹੂਲਤਾਂ 5 ਏਕੜ ਰਕਬੇ ’ਤੇ ਵਿਕਸਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸੇ ਲੇਕ ਅਤੇ ਪਾਰਕ ਦੇ ਨਾਲ 3 ਏਕੜ ਰਕਬੇ ’ਤੇ ਸਪੋਰਟਸ ਪਾਰਕ ਵੀ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਸ਼ਹਿਰ ਵਿਚ ਖੇਡਾਂ ਲਈ ਹੋਰ ਸਿਹਤਮੰਦ ਮਾਹੌਲ ਪ੍ਰਦਾਨ ਕੀਤਾ ਜਾ ਸਕੇ। ਸ਼ਹਿਰ ਦੇ ਚਾਰ ਪਾਸਿਓਂ ਮੁੱਖ ਪ੍ਰਵੇਸ਼ ਵਾਲੀਆਂ ਥਾਵਾਂ ’ਤੇ ਐਂਟਰੀ ਗੇਟ ਬਨਾਉਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਗੇਟ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਖਾਸੀਅਤਾਂ ਜਿਵੇਂ ਕਿ ਲਕੜੀ ਦੇ ਕਾਰੋਬਾਰ, ਧਾਰਮਿਕ ਮਹੱਤਤਾ, ਡੈਮ ਅਤੇ ਜੰਗਲਾਤ ਆਦਿ ਦੀ ਪੇਸ਼ਕਾਰੀ ਕਰਨਗੇ।


ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਦੌਰਾਨ ਸੂਬੇ ਵਿਚ ਰਿਕਾਰਡ ਵਿਕਾਸ ਕਾਰਜ ਕਰਵਾਏ ਹਨ ਅਤੇ ਆਉਂਦੇ ਸਮੇਂ ਵਿਚ ਇਨ੍ਹਾਂ ਦੀ ਰਫ਼ਤਾਰ ਹੋਰ ਤੇਜ ਹੋ ਜਾਵੇਗੀ। ਉਨ੍ਹਾਂ ਜ਼ਿਕਰ ਕੀਤਾ ਕਿ ਰਾਜ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਮੌਕੇ ਦਿੱਤੀ ਜਾਂਦੀ ਵਿੱਤੀ ਮਦਦ ਨੂੰ ਆਸ਼ੀਰਵਾਦ ਸਕੀਮ ਤਹਿਤ 21 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾ ਰੁਪਏ ਕਰ ਦਿੱਤਾ ਹੈ ਜੋ ਕਿ ਇਕ ਇਤਿਹਾਸਕ ਕਦਮ ਹੈ।


ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਨੇ ਪਰੇਡ ਦਾ ਨਿਰੀਖਣ ਵੀ ਕੀਤਾ ਜਿਸ ਉਪਰੰਤ ਮਾਰਚ ਪਾਸਟ ਵਲੋਂ ਸਲਾਮੀ ਦਿੱਤੀ ਗਈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਵਿਦਿਆਰਥਣਾਂ ਵਲੋਂ ਰਾਸ਼ਟਰੀ ਗਾਨ ਦੀ ਪੇਸ਼ਕਾਰੀ ਉਪਰੰਤ ਸਮਾਗਮ ਸਮਾਪਤ ਹੋਇਆ। ਇਸ ਮੌਕੇ ਆਈ.ਜੀ. ਜਲੰਧਰ ਰੇਂਜ ਕੋਸਤਭ ਸ਼ਰਮਾ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐਸ.ਐਸ.ਪੀ. ਨਵਜੋਤ ਸਿੰਘ ਮਾਹਲ, ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ਼ ਸਾਰੰਗਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ, ਸੀ.ਜੇ.ਐਮ. ਅਪਰਾਜਿਤਾ ਜੋਸ਼ੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here