ਸੀਨੀਅਰ ਲੀਡਰਸ਼ਿਪ ਵੱਲੋਂ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ ਸਿੰਘ ਦਾ ਸਨਮਾਨ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ – ਕੁਮਾਰ ਗੌਰਵ। ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਖਹਿਰਾ, ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਜ਼ਿਲ੍ਹਾ ਕੋਆਰਡੀਨੇਟਰ ਮੈਡਮ ਲਲਿਤ, ਜ਼ਿਲ੍ਹਾ ਕੈਸ਼ੀਅਰ ਹਰਜਿੰਦਰ ਸਿੰਘ ਵਿਰਕ, ਹਲਕਾ ਕਪੂਰਥਲਾ ਦੇ ਇੰਚਾਰਜ ਮੈਡਮ ਮੰਜੂ ਰਾਣਾ ਸਾਬਕਾ ਅਡੀਸ਼ਨਲ ਸੈਸ਼ਨ ਜੱਜ, ਲੀਗਲ ਸੈੱਲ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਐਡਵੋਕੇਟ ਜਗਦੀਸ਼ ਆਨੰਦ, ਅਤੇ ਸੀਨੀਅਰ ਆਗੂ ਅਵਤਾਰ ਸਿੰਘ ਥਿੰਦ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਸ਼ਾਇਰ ਕੰਵਰ ਇਕਬਾਲ ਸਿੰਘ ਦਾ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਬਲਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਾਰਟੀ ਨੇ ਪੰਜਾਬ ਦੇ 23 ਜਿਲ੍ਹਿਆਂ ਵਿੱਚ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ । ਉਨ੍ਹਾਂ ਕਿਹਾ ਕਿ ਪਾਰਟੀ ਦੇ ਵਿਸਥਾਰ ਵਾਸਤੇ ਸਥਾਪਿਤ ਕੀਤੇ ਗਏ ਇਸ ਵਿੰਗ ਦਾ ਮਨੋਰਥ ਵਪਾਰੀ ਵਰਗ ਨੂੰ ਵੱਧ ਤੋਂ ਵੱਧ ਪਾਰਟੀ ਦੇ ਢਾਂਚੇ ਨਾਲ਼ ਜੋੜਨਾ ਹੈ। ਜਿਵੇਂ ਹਲਕਾ ਕਪੂਰਥਲਾ ਤੋਂ ਸੀਨੀਅਰ ਆਗੂ ਅਤੇ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਪਾਰਟੀ ਨੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਨਾਲ਼ ਨਿਵਾਜ਼ਿਆ ਹੈ, ਬਿਲਕੁਲ ਇਵੇਂ ਹੀ ਹਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਪਾਰਟੀ ਵਾਸਤੇ ਦਿਨ ਰਾਤ ਕੰਮ ਕਰ ਰਹੇ ਸੀਨੀਅਰ ਆਗੂਆਂ ਨੂੰ ਹੀ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਹਲਕਾ ਕਪੂਰਥਲਾ ਦੇ ਸਮੂਹ ਵਲੰਟੀਅਰ ਅਤੇ ਅਹੁਦੇਦਾਰ ਇਸ ਨਿਯੁਕਤੀ ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ, ਛੇਤੀ ਹੀ ਹਲਕੇ ਦੇ ਹੋਰ ਸੀਨੀਅਰ ਆਗੂਆਂ ਨੂੰ ਵੀ ਹਾਈਕਮਾਨ ਵੱਲੋਂ ਵੱਖ-ਵੱਖ ਵਿੰਗਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਲੰਮੇ ਸਮੇਂ ਤੋਂ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਰਹਿਣ ਵਾਲੇ ਲਲਿਤ ਮੈਡਮ ਨੇ ਕਿਹਾ ਕਿ ਪਿਛਲੇ ਸੱਤ-ਅੱਠ ਸਾਲਾਂ ਤੋਂ ਪਾਰਟੀ ਨਾਲ਼ ਜੁੜੇ ਹੋਏ ਸ਼ਾਇਰ ਕੰਵਰ ਇਕਬਾਲ ਸਿੰਘ ਜੀ ਨੂੰ ਪਾਰਟੀ ਨੇ ਸਾਲ 2016 ਤੋਂ 2020 ਤੱਕ ਪੰਜਾਬ ਦੀ 5 ਮੈਂਬਰੀ ਸਭਿਆਚਾਰਕ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਲਾਈ ਸੀ। ਪੂਰੇ ਪੰਜਾਬ ਵਿੱਚ ਇਨ੍ਹਾਂ ਨੇ ਸੱਭਿਆਚਾਰਕ ਕਮੇਟੀਆਂ ਬਣਾ ਕੇ ਪਾਰਟੀ ਦਾ ਡਟ ਕੇ ਪਰਚਾਰ ਕੀਤਾ ਅਤੇ ਕਰਵਾਇਆ ! ਇਸ ਅਹੁਦੇ ਦੇ ਨਾਲ-ਨਾਲ ਇਨ੍ਹਾਂ ਨੇ ਜ਼ਿਲ੍ਹਾ ਮੀਡੀਆ ਇੰਚਾਰਜ ਵਜੋਂ ਵੀ ਬਾਖ਼ੂਬੀ ਆਪਣੀਆਂ ਸੇਵਾਵਾਂ ਦਿੱਤੀਆਂ ਹੋਈਆਂ ਹਨ। ਸਾਬਕਾ ਅਡੀਸ਼ਨਲ ਸੈਸ਼ਨ ਜੱਜ ਮੈਡਮ ਮੰਜੂ ਰਾਣਾ ਜੀ ਨੇ ਦੱਸਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕੰਵਰ ਇਕਬਾਲ ਸਿੰਘ ਦੀ ਉਮੀਦਵਾਰ ਵਜੋਂ ਮਜ਼ਬੂਤ ਦਾਅਵੇਦਾਰੀ ਸੀ, ਅਤੇ ਆਗਾਮੀ 2022 ਦੀਆਂ ਚੋਣਾਂ ਵਿੱਚ ਵੀ ਸਾਫ਼ ਸੁਥਰੀ ਛਵੀ ਵਾਲੇ ਇਸ ਆਗੂ ਨੂੰ ਮਜ਼ਬੂਤ ਦਾਅਵੇਦਾਰ ਵਜੋਂ ਵੇਖਿਆ ਜਾ ਰਿਹਾ ਹੈ । ਪਾਰਟੀ ਹਾਈਕਮਾਨ ਨੂੰ ਅਜਿਹੇ ਵਰਕਰਾਂ ਤੋਂ ਬੜੀਆਂ ਆਸਾਂ ਨੇ ।

Advertisements

ਐਡਵੋਕੇਟ ਜਗਦੀਸ਼ ਆਨੰਦ ਜੀ ਨੇ ਜਾਣਕਾਰੀ ਦਿੱਤੀ ਕਿ ਤਕਰੀਬਨ 40 ਸਾਲ ਪਹਿਲਾਂ ਸਰਕਾਰੀ ਰਣਧੀਰ ਹਾਇਰ ਸੈਕੰਡਰੀ ਸਕੂਲ ਵਿੱਚ ਮੇਰੇ ਵਿਦਿਆਰਥੀ ਰਹੇ ਕੰਵਰ ਇਕਬਾਲ ਸਿੰਘ ਦੀ ਜਿੱਥੇ ਇਲਾਕੇ ਵਿੱਚ ਉੱਘੇ ਸਮਾਜ ਸੇਵਕ ਵਜੋਂ ਗੂੜ੍ਹੀ ਪਛਾਣ ਹੈ ਓਥੇ ਹੀ ਸਾਫ਼-ਸੁਥਰੀ ਦਿਖ ਰੱਖਣ ਵਾਲੇ ਕੰਵਰ ਇਕਬਾਲ ਸਿੰਘ ਨੂੰ ਬਤੌਰ ਪੰਜਾਬੀ ਸ਼ਾਇਰ ਵੀ ਪੂਰੀ ਦੁਨੀਆਂ ਦੇ ਲੋਕ ਜਾਣਦੇ ਨੇ । ਅਵਤਾਰ ਸਿੰਘ ਥਿੰਦ ਨੇ ਜਾਣਕਾਰੀ ਦਿੱਤੀ ਕਿ ਦਿੱਲੀ ਸਰਕਾਰ ਵੱਲੋਂ ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਤੇ ਕਰਵਾਏ ਜਾਂਦੇ ਰਾਸ਼ਟਰੀ ਪੰਜਾਬੀ ਕਵੀ-ਦਰਬਾਰਾਂ ਵਿੱਚ ਪਿਛਲੇ ਤਕਰੀਬਨ 15 ਸਾਲਾਂ ਤੋਂ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਹਿੰਦੋਸਤਾਨ ਦੇ 24 ਪੰਜਾਬੀ ਕਵੀਆਂ ਵਿੱਚ ਬੁਲਾਇਆ ਜਾ ਰਿਹਾ ਹੈ ।

ਅੰਤ ਵਿੱਚ ਹਰਜਿੰਦਰ ਸਿੰਘ ਵਿਰਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਪਾਰਕ ਪੱਖੋਂ ਅੰਮ੍ਰਿਤ ਬਾਜ਼ਾਰ ਕਪੂਰਥਲਾ ਵਿੱਚ ਬਰਾਈਡਲ ਗੈਲਰੀ ਸ਼ੋ ਰੂਮ ਚਲਾ ਰਹੇ ਕੰਵਰ ਇਕਬਾਲ ਸਿੰਘ ਲੰਮੇਂ ਸਮੇਂ ਤੋਂ ਮਨਿਆਰੀ ਐਸੋਸੀਏਸ਼ਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਇਲਾਕੇ ਦੇ ਦੁਕਾਨਦਾਰਾਂ ਦੀ ਸੇਵਾ ਕਰ ਰਹੇ ਹਨ। ਪੰਜਾਬ ਹਿਉਮਨ ਰਾਈਟਸ ਆਰਗੇਨਾਈਜੇਸਨਜ਼ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਇਨ੍ਹਾਂ ਨੇ ਲੋੜਵੰਦ ਲੋਕਾਂ ਦੀ ਬਹੁਤ ਮਦਦ ਕੀਤੀ ਹੈ, ਪਾਰਟੀ ਹਿੱਤ ਵਿੱਚ ਇਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਸਦਕਾ ਇਨ੍ਹਾਂ ਨੂੰ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਮਾਣ ਦੇ ਕੇ ਪਾਰਟੀ ਨੇ ਬਹੁਤ ਹੀ ਵਧੀਆ ਫ਼ੈਸਲਾ ਲਿਆ ਹੈ।

LEAVE A REPLY

Please enter your comment!
Please enter your name here