ਮਿਆਣੀ ’ਚ ਦੋਆਬਾ ਕਿਸਾਨ ਕਮੇਟੀ ਨੇ ਸੁਖਬੀਰ ਬਾਦਲ ਦੇ ਕਾਫਿਲੇ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਰੋਸ਼ ਪ੍ਰਦਰਸ਼ਨ

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ-ਅਭਿਸ਼ੇਕ ਕੁਮਾਰ। ਟਾਂਡਾ ਦੇ ਪਿੰਡ ਮਿਆਣੀ ’ਚ ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਕਿਸਾਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਕਾਫਿਲੇ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਵਿਖਾਵਾ ਕੀਤਾ । ਬਾਦਲ ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ ਦੀ ਸ਼੍ਰੋਮਣੀ ਅਕਾਲੀ ਬਾਦਲ ’ਚ ਘਰ ਵਾਪਸੀ ਕਰਵਾਉਣ ਆਏ ਸਨ। ਹਾਲਾਂਕਿ ਇਸ ਦੌਰਾਨ ਡੀ. ਐੱਸ. ਪੀ. ਟਾਂਡਾ ਰਾਜ ਕੁਮਾਰ ਦੀ ਅਗਵਾਈ ’ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ । ਸਾਬਕਾ ਮੰਤਰੀ ਮਿਆਣੀ ਦੇ ਘਰ ਸਿਆਸੀ ਇਕੱਠ ਦੀ ਅਗਾਊਂ ਸੂਚਨਾ ਦੇ ਆਧਾਰ ’ਤੇ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ, ਪ੍ਰਿਥਪਾਲ ਸਿੰਘ ਗੁਰਾਇਆ ਅਤੇ ਹੋਰਨਾਂ ਆਗੂਆਂ ਦੀ ਅਗਵਾਈ ’ਚ ਸਵੇਰ ਤੋਂ ਹੀ ਮਿਆਣੀ ਦੇ ਘਰ ਤੋਂ ਥੋੜ੍ਹੀ ਦੂਰ ਸੜਕ ਕਿਨਾਰੇ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਖੜ੍ਹੇ ਹੋ ਗਏ ਸਨ ਅਤੇ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ ਨਾਅਰੇਬਾਜ਼ੀ ਕਰਦੇ ਰਹੇ, ਜਿਵੇਂ ਹੀ ਸੁਖਬੀਰ ਬਾਦਲ ਦਾ ਕਾਫ਼ਿਲਾ 12.30 ਵਜੇ ਦੇ ਕਰੀਬ ਮਿਆਣੀ ਪਹੁੰਚਿਆ ਤਾਂ ਕਿਸਾਨਾਂ ਨੇ ਕਾਫ਼ਿਲੇ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Advertisements

ਇਸ ਦੌਰਾਨ ਕਿਸਾਨ ਆਗੂਆਂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਖੇਤੀ ਕਾਨੂੰਨਾਂ ਖ਼ਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੇ ਦੌਰਾਨ ਸਿਆਸੀ ਪਾਰਟੀਆਂ ਨੂੰ ਸਿਆਸੀ ਜਲਸੇ ਨਾ ਕਰਨ ਦੀ ਅਪੀਲ ਕੀਤੀ ਸੀ, ਇਸਦੇ ਬਾਵਜੂਦ ਸੁਖਬੀਰ ਬਾਦਲ ਲਾਮ ਲਸ਼ਕਰ ਲੈ ਕੇ ਸਿਆਸੀ ਜਲਸੇ ਕਰ ਰਹੇ ਹਨ, ਜਿਸ ਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਆਖਿਆ ਕਿ ਇਕ ਪਾਸੇ ਜਿਥੇ ਦੇਸ਼ ਦੇ ਅੰਨਦਾਤੇ ਸੜਕਾਂ ’ਤੇ ਰੁਲ ਰਹੇ ਹਨ, ਬਾਦਲ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਇਸ ਰੋਸ ਵਿਖਾਵੇ ਦੌਰਾਨ ਜਰਨੈਲ ਸਿੰਘ ਕੁਰਾਲਾ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਬਾਜਵਾ, ਗੁਰਮਿੰਦਰ ਗੋਲਡੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here