ਏਡਜ਼ ਦਾ ਰੋਗ ਮਨੁੱਖ ਲਈ ਵੱਡੇ ਖਤਰਿਆਂ ਵਿਚੋਂ ਇੱਕ ਹੈ: ਡਾ.ਬਲਦੇਵ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਏਡਜ਼ ਦਾ ਰੋਗ, ਮਨੁੱਖੀ ਜ਼ਾਤ ਲਈ ਪੈਦਾ ਹੋਏ ਵੱਡੇ ਖਤਰਿਆਂ ਵਿਚੋਂ ਇੱਕ ਹੈ। ਇਸ ਤੋਂ ਬਚਣ ਦਾ ਸਿਰਫ਼ ਇਹ ਹੀ ਰਸਤਾ ਹੈ ਕਿ ਐਚ.ਆਈ.ਵੀ. ਜੋਕਿ ਏਡਜ਼ ਫੈਲਾਉਣ ਵਾਲਾ ਰੋਗਾਣੂ ਹੈ, ਬਾਰੇ ਪੂਰੀ ਤੇ ਸਹੀ ਜਾਣਕਾਰੀ ਹਾਸਿਲ ਕੀਤੀ ਜਾਏ ਕਿਉਂ ਜੋ ਇਸ ਗਿਆਨ ਸਦਕਾ ਹੀ ਏਡਜ਼ ਤੋਂ ਜਾਨ ਛੁੱਟ ਸਕਦੀ ਹੈ। ਇਸੇ ਮੰਤਵ ਨੂੰ ਲੈ ਕੇ ਬਲਾਕ ਚੱਕੋਵਾਲ ਵੱਲੋਂ ਇੱਕ ਜਾਗਰੂਕਤਾ ਕੈਂਪ ਡਾ.ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਯੋਗ ਪ੍ਰਧਾਨਗੀ ਹੇਠ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਸੰਬੋਧਨ ਕਰਦਿਆਂ ਡਾ.ਬਲਦੇਵ ਸਿੰਘ ਨੇ ਕਿਹਾ ਕਿ ਐਚ.ਆਈ.ਵੀ. ਦਾ ਵਾਇਰਸ ਮਨੁੱਖੀ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। ਐਚ.ਆਈ.ਵੀ. ਅਣਸੁਰੱਖਿਅਤ ਸੈਕਸ, ਐਚ.ਆਈ.ਵੀ. ਪ੍ਰਭਾਵਿਤ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ, ਸੰਕਰਮਿਤ ਖੂਨ ਚੜਾਉਣ ਨਾਲ ਅਤੇ ਸੰਕਰਮਿਤ ਸੂਈ ਅਤੇ ਸਰਿਜੰ ਦੀ ਸਾਂਝੀ ਵਰਤੋਂ ਤੋਂ ਫੈਲਦਾ ਹੈ। ਇਸਤੋਂ ਬਚਣ ਲਈ ਮਨੁੱਖ ਨੂੰ ਸੁਰੱਖਿਅਤ ਸੈਕਸ ਤਹਿਤ ਕੰਡੋੋਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਆਪਣੇ ਸਾਥੀ ਨਾਲ ਵਫਾਦਾਰ ਰਹਿਣਾ ਚਾਹੀਦਾ ਹੈ। ਬੀਮਾਰੀ ਜਾਂ ਹਾਦਸੇ ਦੀ ਅਵਸਥਾ ਵਿੱਚ ਲੋੜ ਪੈਣ ਤੇ ਸਕੰਰਮਣ ਰਹਿਤ ਖੂਨ ਹੀ ਚੜਾਉਣਾ ਚਾਹੀਦਾ ਹੈ, ਜੋ ਕਿ ਰਜਿਸਟਰਡ ਬਲੱਡ ਬੈਂਕਾਂ ਤੋਂ ਹੀ ਲਿਆ ਜਾਵੇ। ਹਰ ਗਰਭਵਤੀ ਮਾਂ ਦਾ ਐਚ.ਆਈ.ਵੀ. ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਗਰਭਵਤੀ ਔਰਤ ਦੀ ਐਚ.ਆਈ.ਵੀ. ਜਾਂਚ ਨਾਲ ਉਸਦੇ ਹੋਣ ਵਾਲੇ ਬੱਚੇ ਨੂੰ ਐਚ.ਆਈ.ਵੀ. ਹੋਣ ਦਾ ਖਤਰਾ ਘਟਾਇਆ ਜਾ ਸਕਦਾ ਹੈ। ਬੀਮਾਰ ਵਿਅਕਤੀ ਨੂੰ ਟੀਕਾ ਲਗਾਉਣ ਵੇਲੇ ਕੇਵਲ ਸਕੰਰਮਣ ਰਹਿਤ ਭਾਵ ਕਿ ਨਵੀਂ ਸੂਈ ਅਤੇ ਸਰਿੰਜ ਦੀ ਵਰਤੋਂ ਕਰਨੀ ਚਾਹੀਦੀ ਹੈ। ਇੰਨਾਂ ਸਾਵਧਾਨੀਆਂ ਨਾਲ ਮਨੁੱਖ ਐਚ.ਆਈ.ਵੀ. ਅਤੇ ਏਡਜ਼ ਤੋਂ ਮੁਕਤ ਰਹਿ ਸਕਦਾ ਹੈ। ਐਚ.ਆਈ.ਵੀ. ਤੋਂ ਪ੍ਰਭਾਵਿਤਾਂ ਵਿੱਚ ਇੱਕ ਗਿਣਤੀ ਨਸ਼ਿਆਂ ਵਿੱਚ ਫਸੇ ਹੋਏ ਨੋਜਵਾਨਾਂ ਦੀ ਵੀ ਹੈ ਜੋ ਕਿ ਇੰਜੈਕਟੇਬਲ ਡਰੱਗ ਯੂਜਰ ਹੁੰਦੇ ਹਨ। ਡਰੱਗ ਲੈਣ ਸਮੇਂ ਉਹ ਇਕ ਹੀ ਸੂਈ ਸਰਿੰਜ ਦੀ ਵਰਤੋਂ ਕਰਦੇ ਹਨ ਅਤੇ ਐਚ.ਆਈ.ਵੀ. ਏਡਜ਼ ਵਰਗੀ ਬਿਮਾਰੀ ਮੋਲ ਲੈਂਦੇ ਹਨ। ਵਾਇਰਸ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਖਤਮ ਕਰ ਦਿੰਦਾ ਹੈ ਜਿਸ ਨਾਲ ਏਡਜ ਪ੍ਰਭਾਵਿਤ ਵਿਅਕਤੀ ਹੋਰ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਜੋ ਕਿ ਉਸਦੀ ਮੌਤ ਦਾ ਕਾਰਣ ਬਣ ਸਕਦੇ ਹਨ।

Advertisements

ਡਾ. ਬਲਦੇਵ ਸਿੰਘ ਜੀ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਸਿਹਤ ਸੰਗਠਲ ਵੱਲੋਂ ਵਿਸ਼ਵ ਏਡਜ਼ ਦਿਵਸ ਦਾ ਥੀਮ ‘ਅਸਮਾਨਤਾਵਾਂ ਅਤੇ ਏਡਜ਼ ਨੂੰ ਖਤਮ ਕਰੋ’ ਰੱਖਿਆ ਗਿਆ ਹੈ। ਜਿਕਰਯੋਗ ਹੈ ਕਿ ਐਚ.ਆਈ.ਵੀ/ਏਡਜ਼ ਤੋਂ ਪ੍ਰਭਾਵਿਤ ਵਿਅਕਤੀਆਂ ਨਾਲ ਆਸ ਸਮਾਜ ਵੱਲੋਂ ਬਹੁਤ ਭੇਦਭਾਵ ਕੀਤਾ ਜਾਂਦਾ ਹੈ। ਇਸ ਲਈ ਬਹੁਤ ਸਾਰੇ ਲੋਕ ਸਮਾਜ ਵੱਲੋਂ ਤ੍ਰਿਸਕਾਰੇ ਜਾਣ ਦੇ ਡਰ ਕਾਰਣ ਆਪਣਾ ਐਚ.ਆਈ.ਵੀ. ਦਾ ਟੈਸਟ ਨਹੀਂ ਕਰਵਾਉਂਦੇ ਜਾਂ ਦਵਾਈ ਨਹੀਂ ਖਾਂਦੇ। ਬਲਕਿ ਐਚ.ਆਈ.ਵੀ. ਉਕਤ ਚਾਰ ਕਾਰਣਾਂ ਤੋਂ ਇਲਾਵਾ ਹੋਰ ਕਿਸੇ ਕਾਰਣ ਕਰਕੇ ਨਹੀਂ ਫੈਲਦਾ। ਇਸ ਲਈ ਐਚ.ਆਈ. ਵੀ. ਨਾਲ ਸਕੰਰਮਿਤ ਵਿਅਕਤੀਆਂ ਨਾਲ ਹਮਦਰਦੀ ਰੱਖਦੇ ਹੋਏ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰ ਵਿਅਕਤੀਆਂ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਨੂੰ ਡਾਕਟਰੀ ਸਲਾਹ ਮੁਤਾਬਕ ਲਗਾਤਾਰ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਏ.ਆਰ.ਟੀ. ਕੇਂਦਰਾਂ ਵਿੱਚ ਮਰੀਜਾਂ ਨੂੰ ਇਹ ਇਲਾਜ ਮੁਫਤ ਮੁੱਹਈਆ ਕਰਾਇਆ ਜਾਂਦਾ ਹੈ ਅਤੇ ਮਰੀਜਾਂ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਏਡਜ਼ ਪ੍ਰਤੀ ਮੁਕੰਮਲ ਜਾਣਕਾਰੀ ਅਤੇ ਜਾਗਰੂਕਤਾ ਹੀ ਇਸਦਾ ਇੱਕੋ ਇੱਕ ਇਲਾਜ ਹੈ। ਜਿਸ ਵਿੱਚ ਡਾ. ਸੁਰਿੰਦਰ ਕੁਮਾਰ, ਡਾ. ਮਨਵਿੰਦਰ ਕੌਰ ਮੈਡੀਕਲ ਅਫ਼ਸਰ, ਬੀ.ਈ.ਈ. ਰਮਨਦੀਪ ਕੌਰ, ਐਲ.ਐਚ.ਵੀ. ਉਸ਼ਾ ਰਾਣੀ, ਹੈਲਥ ਇੰਸਪੈਕਟਰ ਗੁਰਦੇਵ ਸਿੰਘ, ਮੇਲ ਵਰਕਰ ਦਿਲਬਾਗ ਸਿੰਘ, ਕੁਲਦੀਪ ਕੁਮਾਰ ਸ਼ਾਮਿਲ ਹੋਏ।

LEAVE A REPLY

Please enter your comment!
Please enter your name here