ਪਰਗਟ ਸਿੰਘ ਦੇ ਸਿਸੋਦੀਆਂ ਨੂੰ ਮੋੜਵੇਂ ਜਵਾਬ, ਦਿੱਲੀ ਦੇ 760 ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਆਸਾਮੀਆਂ ਖਾਲੀ ਕਿਉਂ ਹਨ?

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਕੁਝ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਮਾੜੀ ਵਿਵਸਥਾ ਉਤੇ ਸਵਾਲ ਚੁੱਕੇ ਸਨ। ਹੁਣ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਿਸੋਦੀਆ ਨੂੰ ਮੋੜਵਾਂ ਜਵਾਬ ਦਿੱਤਾ ਹੈ। ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲਾਂ ਦੀ ਤੁਲਨਾ ਦੇ ਸੰਦਰਭ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ‘ਆਮ ਆਦਮੀ ਪਾਰਟੀ’ ਦੇ ਦਿੱਲੀ ਮਾਡਲ ਦੇ ਪਾਜ਼ ਉਘੇੜਦਿਆਂ ਸਵਾਲ ਕੀਤਾ ਕਿ ਦਿੱਲੀ ਦੇ 1060 ਵਿੱਚੋਂ 760 ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਆਸਾਮੀਆਂ ਖਾਲੀ ਕਿਉਂ ਹਨ? ਦਿੱਲੀ ਦੇ 1844 ਸਕੂਲਾਂ ਵਿੱਚੋਂ 479 ਵਾਈਸ ਪ੍ਰਿੰਸੀਪਲ ਦੀਆਂ ਆਸਾਮੀਆਂ ਕਿਉਂ ਖਾਲੀ ਹਨ? ਦਿੱਲੀ ਦੇ ਸਕੂਲਾਂ ਵਿੱਚ 41 ਫੀਸਦੀ ਨਾਨ ਟੀਚਿੰਗ ਸਟਾਫ ਦੀਆਂ ਅਸਾਮੀਆਂ ਖਾਲੀ ਹਨ? ਪੰਜਾਬ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ 5 ਸਾਲਾਂ ਦੀਆਂ ਪੰਜਾਬ ਸਰਕਾਰ ਵੱਲੋਂ ਕੀਤੇ ਸਿੱਖਿਆ ਸੁਧਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਰੀਬ 13000 ਸਕੂਲਾਂ ਵਿੱਚ 41000 ਕਮਰੇ ਸਮਾਰਟ ਕਲਾਸ ਰੂਮ ਬਣ ਚੁੱਕੇ ਹਨ। ਇਸ ਦੇ ਮੁਕਾਬਲੇ ਦਿੱਲੀ ਦੇ ਕੁੱਲ ਸਕੂਲ ਹੀ 1000 ਹਨ।

Advertisements

ਇਸਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ 3 ਸਾਲਾਂ ਵਿੱਚ ਲਗਾਤਾਰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸੰਖਿਆ ਵਿੱਚ ਰਿਕਾਰਡ ਤੋੜ ਵਾਧਾ (ਕ੍ਰਮਵਾਰ 5 ਫੀਸਦੀ, 14 ਫੀਸਦੀ ਅਤੇ 14 ਫੀਸਦੀ) ਹੋਇਆ ਹੈ, ਜੋ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਵਾਧਾ ਹੈ। ਬੱਚਿਆਂ ਦੀ ਵੱਧ ਰਹੀ ਤਾਦਾਦ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਰਕਾਰੀ ਸਿਸਟਮ ਵਿੱਚ ਵਿਸ਼ਵਾਸ ਵਧਿਆ ਹੈ। ਪੰਜਾਬ ਦੇ ਅਧਿਆਪਕਾਂ ਦੀ ਸਿੱਖਿਆ ਦੀ ਗੱਲ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਆਪਣੇ ਅਧਿਆਪਕਾਂ ਨੂੰ ਸਿਖਲਾਈ ਵਾਸਤੇ ਇੰਡੀਅਨ ਸਕੂਲ ਆਫ ਬਿਜ਼ਨਸ ਅਤੇ ਕੈਨੇਡਾ ਭੇਜਿਆ ਹੈ। ਪੰਜਾਬ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਅਤੇ ਆਨਲਾਈਨ ਤਰੀਕੇ ਨਾਲ ਹੋਈਆਂ। ਪਰਗਟ ਸਿੰਘ ਨੇ ਆਖਿਆ ਕਿ ਦਿੱਲੀ ਨਾਲ ਜੇ ਮੁਕਾਬਲਾ ਕਰਨਾ ਹੀ ਹੈ ਤਾਂ ਪੰਜਾਬ ਦੇ ਪਿਛਲੇ ਪੰਜ ਸਾਲਾਂ ਅਤੇ ਦਿੱਲੀ ਦੇ ਪਿਛਲੇ 8 ਸਾਲਾਂ ਦੇ ਸਮੇਂ ਵਿੱਚ ਹੋਏ ਸਿੱਖਿਆ ਸੁਧਾਰਾਂ ਵਿਚਕਾਰ ਮੁਕਾਬਲਾ ਕਰਨਾ ਬਣਦਾ ਹੈ। ਪਿਛਲੇ ਪੰਜ ਸਾਲ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਵਿਚਕਾਰ ਮੁਕਾਬਲਾ ਕਰਨਾ ਬਣਦਾ ਹੈ। ਪੰਜਾਬ ਅਤੇ ਦਿੱਲੀ ਦੇ ਹਾਲਾਤ ਵੱਖੋ-ਵੱਖਰੇ ਹਨ। ਪੰਜਾਬ ਕੋਲ ਅਮਨ ਕਾਨੂੰਨ, ਖੇਤੀਬਾੜੀ, ਉਦਯੋਗ, ਸ਼ਹਿਰੀ ਅਤੇ ਪੇਂਡੂ ਵਿਕਾਸ ਵਰਗੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ ਜਦੋਂ ਕਿ ਦਿੱਲੀ ਕੋਲ ਸਿਰਫ ਸਿੱਖਿਆ ਅਤੇ ਸਿਹਤ ਹੀ ਹੈ।

LEAVE A REPLY

Please enter your comment!
Please enter your name here