ਟਾਂਡਾ ਵਿੱਚ ਭਗਵੰਤ ਮਾਨ ਦਾ ਮਸੀਹ ਭਾਈਚਾਰੇ ਵਲੋਂ ਵਿਰੋਧ

ਟਾਂਡਾ (ਦ ਸਟੈਲਰ ਨਿਊਜ਼)। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟਾਂਡਾ ’ਚ ਚੋਣ ਪ੍ਰਚਾਰ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਰੈਲੀ ਦੌਰਾਨ ਮਸੀਹੀ ਭਾਈਚਾਰੇ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਰੈਲੀ ਦੇ ਸਬੰਧ ’ਚ ਆਮ ਆਦਮੀ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਮਸੀਹੀ ਭਾਈਚਾਰੇ ਦੇ ਕ੍ਰਿਸਮਸ ਸਬੰਧੀ ਲਾਏ ਬੋਰਡਾਂ ’ਤੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਪੋਸਟਰ ਲਾ ਦਿੱਤੇ, ਜਿਸ ’ਤੇ ਮਸੀਹੀ ਭਾਈਚਾਰੇ ਨੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਭਗਵੰਤ ਮਾਨ ਦੀ ਰੈਲੀ ਦਾ ਵਿਰੋਧ ਕਰਦਿਆਂ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਟਾਂਡਾ ’ਚ ਭਗਵੰਤ ਮਾਨ ਦੀ ਰੈਲੀ ਨੂੰ ਲੈ ਕੇ ਪ੍ਰਭੂ ਯਿਸੂ ਮਸੀਹ ਦੇ ਧਾਰਮਿਕ ਬੋਰਡਾਂ ’ਤੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਬੋਰਡ ਲਾ ਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਚ ਵੀ ਮਸੀਹੀ ਭਾਈਚਾਰੇ ਦਾ ਚਰਚ ਢਾਹ ਕੇ ਪਹਿਲਾਂ ਵੀ ਧੱਕਾ ਕਰ ਚੁੱਕੇ ਹਨ। ਮਸੀਹੀ ਭਾਈਚਾਰਾ ਪੂਰੇ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਦਾ ਹੈ ਤੇ ਭਾਈਚਾਰੇ ਨੂੰ ਕਿਹਾ ਜਾਂਦਾ ਕਿ ‘ਆਪ’ ਦਾ ਪੰਜਾਬ ’ਚ ਵਿਰੋਧ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਟਾਂਡਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਰਹੇ ਹਾਂ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਪੁਲਸ ਨੇ ਉਕਤ ‘ਆਪ’ ਆਗੂਆਂ ਤੇ ਵਰਕਰਾਂ ਖਿਲਾਫ ਕਨੂੰਨੀ ਕਾਰਵਾਈ ਨਾ ਕੀਤੀ ਤਾਂ ਮਸੀਹੀ ਭਾਈਚਾਰੇ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਉੜਮੁੜ ਟਾਂਡਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਰੈਲੀ ਸਬੰਧੀ ਫਲੈਕਸ ਬੋਰਡ ਲਾਉਣ ਲਈ ਇਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਸੀ। ਜੇਕਰ ਉਨ੍ਹਾਂ ਮਸੀਹੀ ਭਾਈਚਾਰੇ ਦੇ ਧਾਰਮਿਕ ਬੋਰਡਾਂ ਉੱਪਰ ‘ਆਪ’ ਦੇ ਬੋਰਡ ਲਾਏ ਹਨ ਤਾਂ ਮੈਂ ਇਸ ਸਬੰਧੀ ਮਸੀਹੀ ਭਾਈਚਾਰੇ ਕੋਲੋਂ ਮੁਆਫੀ ਮੰਗਦਾ ਹਾਂ।। 

Advertisements

LEAVE A REPLY

Please enter your comment!
Please enter your name here