ਬੀ.ਐੱਮ.ਡਬਲਿਊ. ਕਾਰ ਲੁੱਟਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਕਮਿਸ਼ਨਰੇਟ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਅਤੇ ਥਾਣਾ ਨੰਬਰ-6 ਦੀ ਪੁਲਸ ਨੇ 8 ਜਨਵਰੀ ਨੂੰ ਮਾਡਲ ਟਾਊਨ ਇਲਾਕੇ ’ਚੋਂ ਗੰਨ ਪੁਆਇੰਟ ’ਤੇ ਬੀ. ਐੱਮ. ਡਬਲਿਊ. ਕਾਰ ਲੁੱਟਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਏ. ਡੀ. ਸੀ. ਪੀ. ਸਿਟੀ-2 ਹਰਪਾਲ ਸਿੰਘ ਅਤੇ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਬਾਜ ਸਿੰਘ ਨੇ ਦੱਸਿਆ ਕਿ ਏ. ਸੀ. ਪੀ. ਇਨਵੈਸਟੀਗੇਸ਼ਨ ਨਿਰਮਲ ਸਿੰਘ ਅਤੇ ਏ. ਸੀ. ਪੀ. ਮਾਡਲ ਟਾਊਨ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ, ਥਾਣਾ ਨੰਬਰ-6 ਦੇ ਇੰਚਾਰਜ ਸੁਰਜੀਤ ਸਿੰਘ ਗਿੱਲ ਵੱਲੋਂ ਸਮੇਤ ਪੁਲਸ ਪਾਰਟੀ ਮਜੀਠਾ ਰੋਡ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤੇ ਗਏ ਉਕਤ ਮੁਲਜ਼ਮਾਂ ਦੀ ਪਛਾਣ ਹਰਸ਼ਬੀਰ ਸਿੰਘ ਉਰਫ਼ ਹਰਸ਼ ਪੁੱਤਰ ਜਗਦੀਪ ਸਿੰਘ ਨਿਵਾਸੀ ਜਗਦੇਵ ਕਲਾਂ ਥਾਣਾ ਝੰਡੇਰ ਜ਼ਿਲ੍ਹਾ ਅੰਮ੍ਰਿਤਸਰ ਹਾਲ ਨਿਵਾਸੀ ਹਾਲੀਵੁੱਡ ਹਾਈਟ ਫਲੈਟ ਨੰਬਰ-49 ਕੁਰਾਲੀ ਜ਼ਿਲ੍ਹਾ ਐੱਸ. ਏ. ਐੱਸ. ਨਗਰ ਮੋਹਾਲੀ ਅਤੇ ਰਾਜਕਰਨ ਉਰਫ਼ ਬੰਟੀ ਪੁੱਤਰ ਅਮਰੀਕ ਸਿੰਘ ਨਿਵਾਸੀ ਗਲੀ ਨੰਬਰ-6 ਨਗੀਨਾ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।

Advertisements

ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਨੀਤ ਆਹੂਜਾ ਪੁੱਤਰ ਮੁਕੇਸ਼ ਕੁਮਾਰ ਆਹੂਜਾ ਨਿਵਾਸੀ ਜੇ. ਪੀ. ਨਗਰ ਕੋਲੋਂ ਗੰਨ ਪੁਆਇੰਟ ’ਤੇ ਖੋਹੀ ਬੀ. ਐੱਮ. ਡਬਲਿਊ. ਕਾਰ ਪੁਲਸ ਪਹਿਲਾਂ ਹੀ ਬਰਾਮਦ ਕਰ ਚੁੱਕੀ ਹੈ, ਜਦਕਿ ਬੀਤੇ ਦਿਨ ਪੁਲਸ ਨੇ ਕਾਰ ਦੀ ਆਰ. ਸੀ., ਇਕ ਹੋਰ ਕਾਰ ਦੀ ਚਾਬੀ, ਇਕ ਖਿਡੌਣਾ ਪਿਸਤੌਲ ਅਤੇ 3 ਮੋਬਾਇਲ ਬਰਾਮਦ ਕੀਤੇ ਹਨ। ਪੁਨੀਤ ਆਹੂਜਾ ਦੇ ਬਿਆਨਾਂ ’ਤੇ ਉਸਦੀ ਕਾਰ ਲੁੱਟਣ ਸਬੰਧੀ ਥਾਣਾ ਨੰਬਰ-6 ਵਿਚ 9 ਜਨਵਰੀ ਨੂੰ ਧਾਰਾ 379-ਬੀ, 34 ਆਈ. ਪੀ. ਸੀ . ਅਤੇ 25/54/59 ਆਰਮ ਐਕਟ ਤਹਿਤ ਐੱਫ. ਆਈ. ਆਰ ਨੰਬਰ 9 ਦਰਜ ਕੀਤੀ ਗਈ ਸੀ। ਜਾਂਚ ਵਿਚ ਪਤਾ ਲੱਗਾ ਹੈ ਕਿ 21 ਸਾਲ ਦੇ ਹਰਸ਼ਬੀਰ ਖ਼ਿਲਾਫ਼ ਜ਼ਿਲ੍ਹਾ ਅੰਮ੍ਰਿਤਸਰ ਦੇ ਕਈ ਥਾਣਿਆਂ ਵਿਚ ਅਪਰਾਧਿਕ ਮਾਮਲੇ ਦਰਜ ਹਨ, ਜਦੋਂ ਕਿ ਰਾਜਕਰਨ ਉਰਫ਼ ਬੰਟੀ ਖ਼ਿਲਾਫ਼ ਜਲੰਧਰ ਦੇ ਥਾਣਾ ਨੰਬਰ 6 ਤੇ 7 ਤੋਂ ਇਲਾਵਾ ਅੰਮ੍ਰਿਤਸਰ ਦੇ ਥਾਣਿਆਂ ਸੁਲਤਾਨ ਵਿੰਡ, ਛੇਤਰਾਂ, ਕੰਬੋ, ਅਜਨਾਲਾ, ਸਿਵਲ ਲਾਈਨ, ਮਕਬੂਲਪੁਰ, ਖਿਲਚੀਆਂ ਆਦਿ ਵਿਚ ਵੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ ।

LEAVE A REPLY

Please enter your comment!
Please enter your name here