ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਅਤੇ ਆਟੋ ਰਿਕਸ਼ਾ ਚਾਲਕਾਂ ਦੀ ਚੈਕਿੰਗ

ਪਟਿਆਲਾ (ਦ ਸਟੈਲਰ ਨਿਊਜ਼) । ਪਿਛਲੇ ਦਿਨਾਂ ਵਿੱਚ ਆਟੋ ਰਿਕਸ਼ਾ ‘ਚ ਸਕੂਲ ਜਾਂਦੇ ਬੱਚਿਆਂ ਨਾਲ ਦੁਰਘਟਨਾਵਾਂ ਹੋਣ ‘ਤੇ ਸਖਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਦੀ ਟੀਮ ਵੱਲੋਂ ਆਟੋ ਰਿਕਸ਼ਾ ਦੀ ਚੈਕਿੰਗ ਕੀਤੀ ਗਈ, ਜਿਸ ‘ਚ ਓਵਰ ਲੋਡਿੰਗ ਅਤੇ ਗਲਤ ਦਿਸ਼ਾ ‘ਚ ਚਲਦੇ ਆਟੋ ਰਿਕਸ਼ਾ ਦੇ ਚਲਾਨ ਕੀਤੇ ਗਏ। ਇਸ ਦੇ ਨਾਲ ਹੀ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਸਕੂਲ ਬੱਸਾਂ ਦੇ ਵੀ ਚਲਾਨ ਕੀਤੇ ਗਏ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸਾਇਨਾ ਕਪੂਰ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਨੂੰ ਪੂਰਾ ਕਰਨ ਸਬੰਧੀ ਸਕੂਲਾਂ ਨੂੰ ਸਮੇਂ ਸਮੇਂ ‘ਤੇ ਨਿਰਦੇਸ਼ ਵੀ ਦਿੱਤੇ ਜਾਂਦੇ ਹਨ। ਬਾਲ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੀਆਂ ਸਕੂਲੀ ਬੱਸਾਂ ਵਿੱਚ ਬੱਚੇ ਸਫਰ ਕਰ ਰਹੇ ਹਨ ਉਹ ਸੇਫ ਸਕੂਲ ਵਾਹਨ ਪਾਲਿਸੀ ਮੁਤਾਬਕ ਨਿਯਮਾਂ ਨੂੰ ਪੂਰਾ ਕਰਦੀਆਂ ਹੋਣ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਸਕੂਲਾਂ, ਆਟੋ ਰਿਕਸ਼ਾ ਚਾਲਕਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਓਵਰ ਲੋਡਿੰਡ ਵਾਹਨਾਂ ਜਾਂ ਫਿਰ ਨਿਯਮਾਂ ਦੀ ਉਲੰਘਣਾ ਕਰਦੇ ਵਾਹਨਾਂ ਵਿੱਚ ਸਕੂਲ ਨਾ ਭੇਜਣ। ਇਸ ਮੌਕੇ ਟੀਮ ‘ਚ ਬਾਲ ਸੁਰੱਖਿਆ ਅਫ਼ਸਰ (ਆਈ.ਸੀ) ਰੂਪਵੰਤ ਕੌਰ, ਏ.ਐਸ.ਆਈ. ਪ੍ਰਦੀਪ ਕੁਮਾਰ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਅਤੇ ਸਿੱਖਿਆ ਵਿਭਾਗ ਤੋਂ ਇੰਦਰਪ੍ਰੀਤ ਸਿੰਘ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here