ਜ਼ਿਲਾ ਮੈਜਿਸਟ੍ਰੇਟ ਵੱਲੋਂ ਹੈਜ਼ੇ ਦੀ ਬਿਮਾਰੀ ਦੀ ਰੋਕਥਾਮ ਲਈ ਵੱਖ-ਵੱਖ ਆਦੇਸ਼ ਜਾਰੀ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਜ਼ਿਲਾ ਮੈਜਿਸਟ੍ਰੇਟ ਗਿਰੀਸ਼ ਦਿਆਲਨ ਨੇ ਜ਼ਿਲੇ ਵਿਚ ਲੋਕਾਂ ਨੂੰ ਹੈਜ਼ੇ ਦੀ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਦਸੰਬਰ 2022 ਤੱਕ ਲਾਗੂ ਰਹਿਣਗੇ।  ਜ਼ਿਲਾ ਮੈਜਿਸਟ੍ਰੇਟ ਗਿਰੀਸ਼ ਦਿਆਲਨ ਨੇ ਜਾਰੀ ਕੀਤੇ ਆਪਣੇ ਹੁਕਮਾਂ ਵਿਚ ਕਿਹਾ ਕਿ ਜ਼ਿਲੇ ਵਿਚ ਹੈਜ਼ੇ ਵਰਗੀ ਬਿਮਾਰੀ ਦੀ ਰੋਕਥਾਮ ਲਈ ਸਾਰੀ ਕਿਸਮ ਦੀਆਂ ਮਠਿਆਈਆਂ, ਕੇਕ, ਬਰੈੱਡ, ਖ਼ੁਰਾਕ ਸਬੰਧੀ ਸਾਰੀਆਂ ਵਸਤਾਂ ਜਿਸ ਵਿੱਚ ਲੱਸੀ, ਗੰਨੇ ਦਾ ਰਸ, ਸਰਬਤ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਜੇਕਰ ਢੱਕੀਆਂ ਨਾ ਹੋਈਆਂ ਜਾਂ ਸ਼ੀਸ਼ੇ ਦੀ ਅਲਮਾਰੀ ਵਿਚ ਨਹੀਂ ਰੱਖੀਆਂ ਗਈਆਂ ਤਾਂ ਇਨਾਂ ਵਸਤਾਂ ਦੀ ਵੇਚ ਤੇ ਪਾਬੰਦੀ  ਹੋਵੇਗੀ। ਇਸ ਦੇ ਨਾਲ ਹੀ ਜ਼ਿਆਦਾ ਪੱਕੇ, ਘੱਟ ਪੱਕੇ, ਕੱਟੇ ਹੋਏ ਫ਼ਲ ਸਬਜ਼ੀਆਂ ਨੂੰ ਵੇਚਣ ਦੀ ਵੀ ਮਨਾਹੀ ਹੋਵੇਗੀ। ਉਨਾਂ ਕਿਹਾ ਕਿ ਬਰਫ਼, ਆਈਸ ਕਰੀਮ, ਕੈਂਡੀ, ਸੋਡਾ ਵੇਚਣ, ਬਾਹਰੋਂ ਲਿਆਉਣ, ਭੇਜਣ ਦੀ ਤਦ ਤੱਕ ਮਨਾਹੀ ਹੋਵੇਗੀ ਜਦ ਤੱਕ ਇਨਾਂ ਵਸਤਾਂ ਨੂੰ ਤਿਆਰ ਕਰਨ ਲਈ ਲਿਆਂਦਾ ਪਾਣੀ ਬੈਕਟੀਰੀਆਲੋਜਿਸਟ ਪੰਜਾਬ ਵੱਲੋਂ ਪਾਸ ਨਾ ਕੀਤਾ ਗਿਆ ਹੋਵੇ। ਉਨਾਂ ਨਗਰ ਕੌਂਸਲ, ਜਨ ਸਿਹਤ ਵਿਭਾਗ ਵੱਲੋਂ ਪਬਲਿਕ ਨੂੰ ਪੀਣ ਲਈ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਸਪਲਾਈ ਕਰਨ ਦੇ ਹੁਕਮ ਦਿੱਤੇ ਹਨ।

Advertisements

ਉਨਾਂ ਆਪਣੇ ਹੁਕਮਾਂ ਵਿਚ ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਜ਼ਿਲਾ ਸਿਹਤ ਅਫ਼ਸਰ, ਜ਼ਿਲਾ ਐਪੀਡੀਮਾਲੋਜਿਸਟ, ਏ.ਐਮ.ਓ, ਏ.ਯੂ.ਓ, ਸਮੂਹ ਨਗਰ ਕੌਂਸਲ ਦੇ ਮੈਡੀਕਲ ਅਫ਼ਸਰ ਆਫ਼ ਹੈਲਥ ਸਮੂਹ ਮੈਡੀਕਲ ਅਫ਼ਸਰ, ਸੈਨੇਟਰੀ ਇੰਸਪੈਕਟਰ, ਫੂਡ ਇੰਸਪੈਕਟਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ, ਸਮੂਹ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਮੁੱਢਲਾ ਸਿਹਤ ਕੇਂਦਰ, ਸਿਵਲ ਹਸਪਤਾਲ, ਮੈਜਿਸਟ੍ਰੇਟ ਪਹਿਲਾ ਦਰਜਾ ਜ਼ਿਲਾ ਫ਼ਿਰੋਜ਼ਪੁਰ ਨੂੰ ਆਪਣੇ-ਆਪਣੇ ਖੇਤਰ ਵਿਚ ਮਾਰਕੀਟ, ਦੁਕਾਨਾਂ ਅਤੇ ਖ਼ੁਰਾਕ ਸਬੰਧੀ ਕਾਰਖ਼ਾਨਿਆਂ ਵਿਚ ਦਾਖ਼ਲ ਹੋਣ, ਜਾਣ, ਮੁਆਇਨਾ ਕਰਨ, ਨਾ ਖਾਣਯੋਗ ਪਦਾਰਥ ਹੋਣ ਦੀ ਸੂਰਤ ਵਿਚ ਉਨਾਂ ਨੂੰ ਬੰਦ ਕਰਨ ਅਤੇ ਸਬੰਧਤ ਮਾਲਕਾਂ ਦੇ ਚਲਾਨ ਕਰਨ ਦੇ ਵੀ ਅਧਿਕਾਰ ਦਿੱਤੇ ਹਨ। ਉਨਾਂ ਸਿਵਲ ਸਰਜਨ ਫ਼ਿਰੋਜ਼ਪੁਰ ਨੂੰ ਮੈਡੀਕਲ ਚੈੱਕ ਅਪ ਪੋਸਟਾਂ, ਹੈਜ਼ੇ ਦੀਆਂ ਚੈੱਕ ਅਪ ਪੋਸਟਾਂ ਲਾਉਣ ਦੇ ਅਧਿਕਾਰ ਵੀ ਦਿੱਤੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪਿੰਡ, ਸ਼ਹਿਰ, ਕਸਬੇ ਵਿਚ ਹੈਜ਼ੇ ਦੀ ਬਿਮਾਰੀ ਹੋਣ ਦੀ ਸੂਰਤ ਵਿਚ ਸਬੰਧਤ ਖੇਤਰ ਦੇ ਵਸਨੀਕ ਹੈਜ਼ੇ ਸਬੰਧੀ ਜਾਣਕਾਰੀ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਦੇਣ ਅਤੇ ਇਸ ਦੀ ਰੋਕਥਾਮ ਲਈ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਨ ।

LEAVE A REPLY

Please enter your comment!
Please enter your name here