ਨਾਮਜ਼ਦਗੀਆਂ ਦੇ ਤੀਜੇ ਦਿਨ ਪਟਿਆਲਾ ਲੋਕ ਸਭਾ ਹਲਕੇ ਤੋਂ ਤਿੰਨ ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

ਪਟਿਆਲਾ, (ਦ ਸਟੈਲਰ ਨਿਊਜ਼)। ਆਗਾਮੀ 1 ਜੂਨ 2024 ਨੂੰ ਲੋਕ ਸਭਾ ਦੀਆਂ ਹੋਣ ਵਾਲੀਆਂ ਆਮ ਚੋਣਾਂ ਲਈ ਲੋਕ ਸਭਾ ਹਲਕਾ ਪਟਿਆਲਾ-13 ਤੋਂ ਚੋਣ ਲੜਨ ਲਈ ਤਿੰਨ ਉਮੀਦਵਾਰਾਂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਕੋਲ ਦਾਖਲ ਕਰਵਾਏ ਹਨ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਅੱਜ ਨਾਮਜ਼ਦਗੀਆਂ ਦੇ ਤੀਜੇ ਦਿਨ ਤਿੰਨ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਹਨ।

Advertisements

ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਹਿੰਦੋਸਤਾਨ ਸ਼ਕਤੀ ਸੇਨਾ ਦੇ ਉਮੀਦਵਾਰ ਕ੍ਰਿਸ਼ਨ ਕੁਮਾਰ ਪੁੱਤਰ ਰਾਮ ਚੰਦ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਤੋਂ ਬਿਨ੍ਹਾਂ ਆਜ਼ਾਦ ਉਮੀਦਵਾਰਾਂ ਅਰਵਿੰਦਰ ਕੁਮਾਰ ਪੁੱਤਰ ਪ੍ਰਕਾਸ਼ ਚੰਦ ਅਤੇ ਮਨੋਜ ਕੁਮਾਰ ਪੁੱਤਰ ਓਮ ਪ੍ਰਕਾਸ਼ ਨੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਹਨ।

ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ 14 ਮਈ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਏ-ਬਲਾਕ ਵਿਚ ਜਮੀਨੀ ਮੰਜ਼ਿਲ ‘ਤੇ ਸਥਿਤ ਡਿਪਟੀ ਕਮਿਸ਼ਨਰ ਦੇ ਕੋਰਟ ਰੂਮ (ਕਮਰਾ ਨੰਬਰ 108) ਵਿਖੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪ੍ਰਾਪਤ ਕੀਤੇ ਜਾਣਗੇ। ਨਾਮਜ਼ਦਗੀਆਂ ਦੀ ਪੜਤਾਲ 15 ਮਈ ਬੁੱਧਵਾਰ ਨੂੰ ਹੋਵੇਗੀ ਅਤੇ ਉਮੀਦਵਾਰ 17 ਮਈ ਤੱਕ ਆਪਣੇ ਨਾਮਜ਼ਦਗੀ ਵਾਪਸ ਲੈ ਸਕਣਗੇ, ਇਸੇ ਦਿਨ ਸਾਰੇ ਉਮੀਦਵਾਰਾਂ ਦੀ ਸੂਚੀ ਫਾਈਨਲ ਹੋ ਜਾਵੇਗੀ ਅਤੇ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।

ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ 10 ਮਈ ਨੂੰ ਭਗਵਾਨ ਪਰਸ਼ੂਮਰਾਮ ਜੈਅੰਤੀ ਵਾਲੇ ਦਿਨ ਵੀ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ, ਕਿਉਂਕਿ ਇਸ ਦਿਨ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਤਹਿਤ ਛੁੱਟੀ ਘੋਸ਼ਿਤ ਨਹੀਂ ਹੈ। ਜਦਕਿ 11 ਮਈ ਨੂੰ ਦੂਜੇ ਸ਼ਨੀਵਾਰ ਅਤੇ 12 ਮਈ ਨੂੰ ਐਤਵਾਰ ਹੋਣ ਕਰਕੇ ਛੁੱਟੀ ਹੋਵੇਗੀ ਤੇ ਇਸ ਦਿਨ ਨਾਮਜ਼ਦਗੀ ਪੱਤਰ ਜਮ੍ਹਾਂ ਨਹੀਂ ਹੋ ਸਕਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਲਾਗੂ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣ।

LEAVE A REPLY

Please enter your comment!
Please enter your name here