ਕਿਸਾਨ ਜੋਗਿੰਦਰ ਵਲੋਂ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਸਿੱਧੀ ਬਿਜਾਈ ਕਰਨ ਦਾ ਤਹੱਈਆ ਕਰਨਾ ਇਕ ਸ਼ਲਾਘਾਯੋਗ ਕਦਮ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਜਦੋਂ ਕਣਕ ਦੇ ਨਾੜ ਨੂੰ ਬਿਨ੍ਹਾਂ ਅੱਗ ਲਗਾਏ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਸੋਚਿਆ ਤਾਂ ਮਨ ਵਿੱਚ ਬਹੁਤ ਸਾਰੇ ਸ਼ੰਕੇ ਸਨ, ਪਰ ਇਨ੍ਹਾਂ ਸ਼ੰਕਿਆਂ ਦੌਰਾਨ ਸਿੱਧੀ ਬਿਜਾਈ ਕੀਤੀ ਅਤੇ ਇਹ ਉਪਰਾਲਾ ਫਾਇਦੇਮੰਦ ਸਾਬਿਤ ਹੋਇਆ। ਉਦੋਂ ਤੋਂ ਪੱਕਾ ਤਹੱਈਆ ਕਰ ਲਿਆ ਕਿ ਹੁਣ ਕਦੇ ਵੀ ਕਣਕ ਸਮੇਤ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ, ਬਲਕਿ ਸਿੱਧੀ ਬਿਜਾਈ ਕਰਕੇ ਮੁਨਾਫ਼ੇ ਦੇ ਨਾਲ ਵਾਤਾਵਰਣ ਅਤੇ ਪਾਣੀ ਦੀ ਸੰਭਾਲ ਕਰਨੀ ਹੈ । ਇਹ ਕਹਿਣਾ ਹੈ ਪਿੰਡ ਕੂੰਟ ਦੇ ਅਗਾਂਹਵਧੂ ਕਿਸਾਨ ਜੋਗਿੰਦਰ ਸਿੰਘ ਦਾ।      

Advertisements

ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਪਿਛਲੇ ਸਾਲ ਕਣਕ ਦੇ ਨਾੜ ਨੂੰ ਅੱਗ ਲਗਾਏ ਬਗੈਰ ਝੋਨੇ ਦੀ ਸਿੱਧੀ ਬਿਜਾਈ ਕਰਕੇ ਪ੍ਰਤੀ ਏਕੜ 29 ਕੁਇੰਟਲ ਝਾੜ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸ ਵਲੋਂ ਕਣਕ ਦੇ ਨਾੜ ਤੋਂ ਇਲਾਵਾ ਹੋਰਨਾਂ ਫਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਵੀ ਖੇਤ ਵਿੱਚ ਹੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਬਦਲਵੀਂ ਖੇਤੀ ਕਰ ਰਿਹਾ ਹੈ। ਉਸ ਵਲੋਂ ਕਣਕ, ਝੋਨੇ, ਮੱਕੀ ਅਤੇ ਸਰੋਂ ਦੀ ਖੇਤੀ ਵੀ ਕੀਤੀ ਜਾਂਦੀ ਹੈ। ਕਰੀਬ ਪੰਜ ਏਕੜ ਵਿੱਚ ਵਾਹੀ ਕਰਨ ਵਾਲੇ ਜੋਗਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਨਾਜ਼ੁਕ ਦੌਰ ਵਿੱਚ ਵੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਗੈਰ ਸਿੱਧੀ ਬਿਜਾਈ ਕਾਫੀ ਫਾਇਦੇਮੰਦ ਸਾਬਿਤ ਹੋਈ।   

ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਇਸ ਅਗਾਂਹਵਧੂ ਕਿਸਾਨ ਜੋਗਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਅਤੇ ਪਾਣੀ ਦੀ ਸੰਭਾਲ ਲਈ ਜ਼ਿਲ੍ਹੇ ਦੇ ਬਾਕੀ ਕਿਸਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਬਦਲਵੀਂ ਖੇਤੀ ਕਰਨੀ ਚਾਹੀਦੀ ਹੈ, ਤਾਂ ਜੋ ਉਹਨਾਂ ਲਈ  ਖੇਤੀ ਲਾਹੇਵੰਦ ਧੰਦਾ ਸਾਬਿਤ ਹੋ ਸਕੇ। ਉਨ੍ਹਾਂ ਕਿਹਾ ਕਿ ਪ੍ਰਗਤੀਸ਼ੀਲ ਕਿਸਾਨ ਜੋਗਿੰਦਰ ਸਿੰਘ ਵਲੋਂ ਕਣਕ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਸਿੱਧੀ ਬਿਜਾਈ ਕਰਨ ਦਾ ਤਹੱਈਆ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਇਸ ਅਗਾਂਹਵਧੂ ਕਦਮ ਨਾਲ ਜਿਥੇ ਵਾਤਾਵਰਣ ਦੀ ਰੱਖਿਆ ਅਤੇ ਪਾਣੀ ਦੀ ਸੰਭਾਲ ਕੀਤੀ ਜਾ ਰਹੀ ਹੈ, ਉਥੇ ਵੱਧ ਮੁਨਾਫ਼ਾ ਵੀ ਕਮਾਇਆ ਜਾ ਰਿਹਾ ਹੈ। 

ਸੰਦੀਪ ਹੰਸ ਨੇ ਕਿਹਾ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਨਾਲ ਜ਼ਮੀਨ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ।  ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਡੀ.ਐਸ.ਆਰ. ਡਰਿੱਲ (ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਆਧੁਨਿਕ ਤਕਨੀਕ ਵਾਲੀ ਮਸ਼ੀਨ ਖੇਤੀਬਾੜੀ ਵਿਭਾਗ ਕੋਲ ਵੀ ਉਪਲਬੱਧ ਹੈ। ਇਸ ਤੋਂ ਇਲਾਵਾ ਸਵੈ-ਸਹਾਇਤਾ ਗਰੁੱਪ ਅਤੇ ਕਿਸਾਨਾਂ ਤੋਂ ਕਿਰਾਏ ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਡੀ.ਐਸ.ਆਰ. ਡਰਿੱਲ ਕਿਰਾਏ ’ਤੇ ਪ੍ਰਾਪਤ ਕਰਨ ਲਈ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਮੱਖ ਖੇਤੀਬਾੜੀ ਅਫ਼ਸਰ ਡਾ. ਸਤਨਾਮ ਸਿੰਘ ਨੇ ਕਿਹਾ ਕਿ ਤਰ ਵੱਤਰ ਖੇਤ ਵਿੱਚ ਅੱਠ ਕਿਲੋ ਬੀਜ ਦੀ ਵਰਤੋਂ ਕਰਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਸਟੌਪ ਦਵਾਈ ਦੀ ਸਪਰੇਅ ਕੀਤੀ ਜਾਵੇ ਅਤੇ ਇਕ ਮਹੀਨੇ ਬਾਅਦ ਜਿਹੜੇ ਨਦੀਨ ਉੱਗ ਜਾਣ, ਉਹਨਾਂ ‘ਤੇ ਨੋਮਨੀਗਲਡ ਅਤੇ ਐਲਮਿਕਸ ਦਵਾਈ ਦੀ ਵਰਤੋਂ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।

LEAVE A REPLY

Please enter your comment!
Please enter your name here