ਕਿਸਾਨਾਂ ਵਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦਾ ਤਹੱਈਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਣਕ ਦੇ ਇਸ ਸੀਜ਼ਨ ਦੌਰਾਨ ਭਾਰੀ ਗਿਣਤੀ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸਾਨਾਂ ਵਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦਾ ਤਹੱਈਆ ਕੀਤਾ ਗਿਆ ਹੈ। ਕਿਸਾਨ ਜਿਥੇ ਕਣਕ ਦੇ ਨਾੜ ਦੀ ਪਸ਼ੂਆਂ ਲਈ ਤੂੜੀ ਬਣਾ ਰਹੇ ਹਨ, ਉਥੇ ਮੁੱਢਾਂ/ਰਹਿੰਦ-ਖੂੰਹਦ ਦਾ ਖੇਤ ਵਿਚ ਹੀ ਪ੍ਰਬੰਧਨ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਦੇ ਨਾਲ-ਨਾਲ ਪਾਣੀ ਦੀ ਬੱਚਤ ਅਤੇ ਵਾਤਾਵਰਣ ਦੇ ਰਾਖੇ ਬਣ ਕੇ ਉਭਰੇ ਹਨ। ਨਾੜ ਨੂੰ ਅੱਗ ਨਾ ਲਗਾ ਕੇ ਸਿੱਧੀ ਬਿਜਾਈ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਦੀ ਕਤਾਰ ਵਿਚ ਖੜ੍ਹੇ ਪਿੰਡ ਟੂਟੋਮਜਾਰਾ ਦੇ ਵਸਨੀਕ ਸੰਤ ਬਾਬਾ ਨਾਗਰ ਸਿੰਘ ਕਣਕ ਦੇ ਨਾੜ ਨੂੰ ਅੱਗ ਲਗਾਏ ਬਗੈਰ ਦੂਸਰੀਆਂ ਫ਼ਸਲਾਂ ਦੀ ਬਿਜਾਈ ਕਰਕੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖ ਰਹੇ ਹਨ। ਪਿੰਡ ਦੌਲਤਪੁਰ ਗਿੱਲਾਂ ਦੇ ਕਿਸਾਨ ਸ੍ਰੀ ਸੁਰੇਸ਼ ਕੁਮਾਰ ਵੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਗੈਰ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਦੀ ਸੰਭਾਲ ਕਰ ਰਹੇ ਹਨ। ਇਸੇ ਤਰ੍ਹਾਂ ਪਿੰਡ ਭੂਲਪੁਰ ਦੇ ਅਗਾਂਹਵਧੂ ਕਿਸਾਨ ਸ੍ਰੀ ਸੁਰਜੀਤ ਸਿੰਘ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਕੇ ਵੱਧ ਝਾੜ ਪ੍ਰਾਪਤ ਕੀਤਾ ਜਾ ਰਿਹਾ ਹੈ।

Advertisements


ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਪੁਰਾਣੇ ਖੇਤੀ ਢੰਗਾਂ ਤੋਂ ਬਾਹਰ ਨਿਕਲ ਕੇ ਆਧੁਨਿਕ ਖੇਤੀ ਦੇ ਰਾਹ ਤੁਰੇ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੂਹਿਕ ਇਕਜੁੱਟਤਾ ਨਾਲ ਹੀ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਾਕੀ ਕਿਸਾਨਾਂ ਨੂੰ ਵੀ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਹੀ ਖੇਤਾਂ ਵਿਚ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਆਧੁਨਿਕ ਮਸ਼ੀਨਾਂ ਕਿਰਾਏ ’ਤੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਝੋਨੇ ਅਤੇ ਹੋਰ ਫ਼ਸਲਾਂ ਦੀ ਬਿਜਾਈ ਕਰਨ ਲਈ ਅੱਗੇ ਆਉਣ, ਤਾਂ ਜੋ ਖੇਤੀ ਖਰਚੇ ਘਟਾਉਣ ਦੇ ਨਾਲ-ਨਾਲ ਵਾਤਾਵਰਣ ਅਤੇ ਪਾਣੀ ਦੀ ਬੱਚਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਲਈ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ।


ਉਧਰ 50 ਏਕੜ ਵਿਚ ਖੇਤੀ ਕਰਨ ਵਾਲੇ ਪਿੰਡ ਟੂਟੋਮਜਾਰਾ ਦੇ ਸੰਤ ਬਾਬਾ ਨਾਗਰ ਸਿੰਘ ਦਾ ਕਹਿਣਾ ਹੈ ਕਿ ਉਹ ਕਾਫ਼ੀ ਲੰਬੇ ਸਮੇਂ ਤੋਂ ਨਾੜ ਨੂੰ ਅੱਗ ਲਗਾਏ ਬਗੈਰ ਦੂਸਰੀਆਂ ਫ਼ਸਲਾਂ ਦੀ ਬਿਜਾਈ ਕਰਦੇ ਹਨ, ਤਾਂ ਜੋ ਧੂੰਏਂ ਨਾਲ ਪੈਦਾ ਹੁੰਦੀਆਂ ਕਈ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਅੱਗ ਨਾ ਲਗਾਉਣ ਨਾਲ ਜ਼ਮੀਨ ਵਿਚਲੇ ਕੀਮਤੀ ਤੱਤ ਅਤੇ ਮਿੱਤਰ ਕੀੜਿਆਂ ਨੂੰ ਨਸ਼ਟ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਨਾੜ ਤੋਂ ਪਸ਼ੂਆਂ ਦੇ ਚਾਰੇ ਲਈ ਤੂੜੀ ਬਣਾਉਣ ਉਪਰੰਤ ਰਹਿੰਦ-ਖੂੰਹਦ ਨੂੰ ਰੋਟਾਵੇਟਰ ਰਾਹੀਂ ਜ਼ਮੀਨ ਵਿਚ ਮਿਲਾ ਕੇ ਪ੍ਰਬੰਧਨ ਕਰਦੇ ਹਨ ਅਤੇ ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਦੇ ਨਾਲ ਦੂਜੀਆਂ ਫ਼ਸਲਾਂ ਦੇ ਝਾੜ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਨਾੜ ਨੂੰ ਅੱਗ ਲਗਾਏ ਬਗੈਰ ਮੂੰਗੀ ਅਤੇ ਜੰਤਰ ਵਰਗੀਆਂ ਫ਼ਸਲਾਂ ਦੀ ਬਿਜਾਈ ਕਰਦੇ ਹਨ ਅਤੇ ਇਸ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਵੱਧਦੀ ਹੈ। ਅਗਾਂਹਵਧੂ ਕਿਸਾਨ ਸ੍ਰੀ ਸੁਰੇਸ਼ ਕੁਮਾਰ ਅਤੇ ਸ੍ਰੀ ਸੁਰਜੀਤ ਸਿੰਘ ਨੇ ਵੀ ਦੱਸਿਆ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਬਾਕੀ ਫ਼ਸਲਾਂ ਵੀ ਬਿਨ੍ਹਾਂ ਅੱਗ ਲਗਾਏ ਹੀ ਬੀਜੀਆਂ ਜਾਂਦੀਆਂ ਹਨ।

LEAVE A REPLY

Please enter your comment!
Please enter your name here