ਪੀ.ਸੀ.ਸੀ. ਅਪਾਇੰਟਮੈਂਟ ਕੋਟਾ 270 ਪ੍ਰਤੀ ਦਿਨ ਤੋਂ ਵਧਾ ਕੇ 360 ਕੀਤੇ ਜਾਣ ਨਾਲ ਲੋਕਾਂ ਨੂੰ ਵੱਡੀ ਰਾਹਤ

ਜਲੰਧਰ(ਦ ਸਟੈਲਰ ਨਿਊਜ਼): ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ.ਸੀ.ਸੀ.) ਦੀ ਮੰਗ ਕਰਨ ਵਾਲੇ ਵਸਨੀਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੀ.ਸੀ.ਸੀ. ਜਾਰੀ ਕਰਨ ਲਈ ਖੇਤਰੀ ਪਾਸਪੋਰਟ ਅਫ਼ਸਰ ਦਾ ਕੋਟਾ ਮੌਜੂਦਾ 270 ਅਪਾਇੰਟਮੈਂਟ ਪ੍ਰਤੀ ਦਿਨ ਤੋਂ ਵਧਾ ਕੇ 360 ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤਰੀ ਪਾਸਪੋਰਟ ਅਫਸਰ (ਆਰ.ਪੀ.ਓ.) ਸਤਪਾਲ ਨੇ ਅੱਜ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਲੋਕਾਂ ਦੀ ਸਹੂਲਤ ਲਈ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੀ.ਸੀ.ਸੀ. ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਵਿੱਚ ਮਦਦ ਮਿਲੇਗੀ। ਸਤਪਾਲ ਨੇ ਕਿਹਾ ਕਿ ਖੇਤਰੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਪਹਿਲਾਂ ਹੀ ਸੰਜੀਦਾ ਯਤਨ ਕੀਤੇ ਜਾ ਰਹੇ ਹਨ।

Advertisements

ਜ਼ਿਕਰਯੋਗ ਹੈ ਕਿ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਹਾਲ ਹੀ ਵਿੱਚ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਇਸ ਕੋਟੇ ਨੂੰ ਵਧਾਉਣ ਲਈ ਮੰਤਰਾਲੇ ਨੂੰ ਇੱਕ ਵਿਸਥਾਰਤ ਪ੍ਰਸਤਾਵ ਵੀ ਭੇਜਿਆ ਗਿਆ। ਪਹਿਲਾਂ ਅਪਾਇੰਟਮੈਂਟ ਕੋਟਾ 135 ਪ੍ਰਤੀ ਦਿਨ ਸੀ ਪਰ ਕਿਉਂਕਿ ਪੀ.ਸੀ.ਸੀ. ਦੀ ਮੰਗ ਰੋਜ਼ਾਨਾ ਵਧ ਰਹੀ ਸੀ, ਇਸ ਲਈ ਆਰ.ਪੀ.ਓ. ਵੱਲੋਂ ਇਸ ਮੁੱਦੇ ਨੂੰ ਐਮ.ਈ.ਏ. ਪਾਸ ਉਠਾਇਆ ਗਿਆ, ਜਿਸ ਤੋਂ ਬਾਅਦ ਇਸ ਨੂੰ ਵਧਾ ਕੇ 180 ਕਰ ਦਿੱਤਾ ਗਿਆ। ਹਾਲਾਂਕਿ ਦੁਬਾਰਾ ਆਰ.ਪੀ.ਓ. ਦੀ ਬੇਨਤੀ ‘ਤੇ ਕੋਟੇ ਨੂੰ ਮੌਜੂਦਾ 180 ਤੋਂ 270 ਤੱਕ ਵਧਾ ਦਿੱਤਾ ਗਿਆ ਹੈ ਅਤੇ ਹੁਣ ਕੋਟਾ 360 ਅਪਾਇੰਟਮੈਂਟ ਪ੍ਰਤੀ ਦਿਨ ਤੈਅ ਕੀਤਾ ਗਿਆ ਹੈ।

ਪਾਸਪੋਰਟ ਨਾਲ ਸਬੰਧਤ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਖੇਤਰੀ ਪਾਸਪੋਰਟ ਅਫ਼ਸਰ ਨੇ ਕਿਹਾ ਕਿ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨੈਕਾਰ ਆਨਲਾਈਨ ਅਪਲਾਈ ਕਰਨ ਅਤੇ ਭੁਗਤਾਨ ਕਰਨ ਤੋਂ ਬਾਅਦ www.passportindia.gov.in ‘ਤੇ ਸਿੱਧਾ ਆਪਣਾ ਪਾਸਪੋਰਟ ਅਤੇ ਪੀ.ਸੀ.ਸੀ. ਅਪਾਇੰਟਮੈਂਟ ਚੈੱਕ ਅਤੇ ਬੁੱਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਸੇਵਾਵਾਂ ਲੈਣ ਲਈ ਕਿਸੇ ਵਿਚੌਲੇ ਦੀ ਲੋੜ ਦੀ ਲੋੜ ਨਹੀਂ ਕਿਉਂਕਿ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਅਜਿਹੀ ਕਿਸੇ ਸੰਸਥਾ ਜਾਂ ਵਿਚੌਲੇ ਨੂੰ ਅਧਿਕਾਰਤ ਨਹੀਂ ਕੀਤਾ ਹੈ। ਖੇਤਰੀ ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਹਰ ਸੇਵਾ ਸਾਫ਼-ਸੁਥਰੇ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਵਿਚੋਲਿਆਂ ਦੇ ਝਾਂਸੇ ਵਿਚ ਆਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਪਾਸਪੋਰਟ ਦਫ਼ਤਰ ਨਾਲ ਸਿੱਧਾ ਸੰਪਰਕ ਕਰਨਾ ਚਾਹੀਦਾ ਹੈ, ਜੋ ਹਮੇਸ਼ਾ ਲੋਕਾਂ ਦੀ ਸੇਵਾ ਲਈ ਉਪਲਬਧ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਪੀ.ਸੀ.ਸੀ. ਅਪਾਇੰਟਮੈਂਟ ਵਿੱਚ ਬੇਮਿਸਾਲ ਵਾਧਾ ਹੋਇਆ ਹੈ ਅਤੇ ਮੌਜੂਦਾ ਸਮਰੱਥਾ ਦੇ ਮੁਕਾਬਲੇ ਕੋਟੇ ਵਿੱਚ ਰਿਕਾਰਡ ਵਾਧਾ ਕਰਕੇ ਇਸ ਵਧਦੀ ਮੰਗ ਨੂੰ ਪੂਰਾ ਕਰਨ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।

LEAVE A REPLY

Please enter your comment!
Please enter your name here