ਡਿਪਟੀ ਕਮਿਸ਼ਨਰ ਵਲੋਂ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਉੱਡਣ ਦਸਤੇ ਗਠਿਤ ਕਰਨ ਦੇ ਹੁਕਮ

ਕਪੂਰਥਲਾ(ਦ ਸਟੈਲਰ ਨਿਊਜ਼),ਰਿਪੋਰਟ: ਗੌਰਵ ਮੜੀਆ। ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਟਾਸਕ ਫੋਰਸ ਮਾਈਨਿੰਗ ਵਿਸ਼ੇਸ਼ ਸਾਰੰਗਲ ਨੇ ਸਬ ਡਵੀਜ਼ਨ ਪੱਧਰ ’ਤੇ ਉੱਡਣ ਦਸਤੇ ਕਾਇਮ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਗੈਰਕਾਨੂੰਨੀ ਮਾਈਨਿੰਗ ਨੂੰ ਸਖਤੀ ਨਾਲ ਰੋਕਿਆ ਜਾ ਸਕੇ। ਅੱਜ ਇੱਥੇ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਉਨ੍ਹਾਂ ਮਾਈਨਿੰਗ, ਡਰੇਨੇਜ਼ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਬੰਧਿਤ ਐਸ.ਡੀ.ਐਮਜ਼ ਦੀ ਅਗਵਾਈ ਹੇਠ ਸਬ ਡਵੀਜ਼ਨ ’ਤੇ ਵੀ ਟਾਸਕ ਫੋਰਸ ਗਠਿਤ ਕਰਨ ਜਿਸ ਵਿਚ ਸਬੰਧਿਤ ਵਿਭਾਗਾਂ ਤੋਂ ਇਲਾਵਾ ਪੰਜਾਬ ਪੁਲਿਸ ਵਲੋਂ ਵਿਸ਼ੇਸ਼ ਤੌਰ ’ਤੇ ਮਾਈਨਿੰਗ ਸਬੰਧੀ ਨਾਮਜਦ ਏ.ਐਸ.ਆਈ. ਤੇ ਸਬ ਇੰਸਪੈਕਟਰਾਂ ਨੂੰ ਸ਼ਾਮਿਲ ਕੀਤਾ ਜਾਵੇ ਤਾਂ ਜੋ ਲੋੜ ਪੈਣ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਗੈਰਕਾਨੂੰਨੀ ਮਾਈਨਿੰਗ ਵਿਚ ਸ਼ਾਮਿਲ ਲੋਕਾਂ ਵਿਰੁੱਧ ਸਖਤੀ ਨਾਲ ਪੇਸ਼ ਆਉਣ ਦੇ ਹੁਕਮ ਦਿੰਦਿਆਂ ਕਿਹਾ ਕਿ ਪੁਲਿਸ ਵਲੋਂ ਮਹੱਤਵਪੂਰਨ ਥਾਵਾਂ ’ਤੇ ਨਾਕਾਬੰਦੀ ਕੀਤੀ ਜਾਵੇ ਤਾਂ ਜੋ ਕੁਦਰਤੀ ਖਣਿਜ ਦੀ ਗੈਰਕਾਨੂੰਨੀ ਢੋਆ ਢੁਆਈ ਨੂੰ ਰੋਕਿਆ ਜਾ ਸਕੇ। ਦੱਸਣਯੋਗ ਹੈ ਕਿ ਪਿਛਲੇ ਇਕ ਮਹੀਨੇ ਦੌਰਾਨ ਗੈਰਕਾਨੂੰਨੀ ਮਾਈਨਿੰਗ ਸਬੰਧੀ 5 ਕੇਸ ਦਰਜ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਜਿਲ੍ਹਾ ਪੱਧਰੀ ਟਾਸਕ ਫੋਰਸ ਜੋ ਕਿ ਡਿਪਟੀ ਕਮਿਸ਼ਨਰ ਦੀ ਚੇਅਰਮੈਨੀ ਹੇਠ ਗਠਿਤ ਹੈ, ਵਿਚ ਬਤੌਰ ਮੈਂਬਰ ਐਸ.ਐਸ.ਪੀ. ਕਪੂਰਥਲਾ, ਜੰਗਲਾਤ ਦੇ ਡਵੀਜਨਲ ਅਧਿਕਾਰੀ, ਵਾਤਾਵਰਣ ਇੰਜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਐਕਸੀਅਨ ਡਰੇਨਜ਼, ਜਿਲ੍ਹਾ ਮਾਈਨਿੰੰਗ ਅਫਸਰ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਮੈਂਬਰਾਂ ਨੂੰ ਕਿਹਾ ਕਿ ਉਹ ਲਗਾਤਾਰ ਖੇਤਰ ਦਾ ਦੌਰਾ ਕਰਨ ਅਤੇ ਵਿਸ਼ੇਸ਼ ਕਰਕੇ ਭੁਲੱਥ ਤੇ ਸੁਲਤਾਨਪੁਰ ਜਿਨ੍ਹਾਂ ਤਹਿਤ ਦਰਿਆ ਬਿਆਸ ਦਾ ਖੇਤਰ ਜਿਆਦਾ ਹੈ, ਵਿਖੇ ਖਾਸ ਨਿਗਰਾਨੀ ਰੱਖੀ ਜਾਵੇ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਨੁਪਮ ਕਲੇਰ, ਐਸ.ਡੀ.ਐਮ. ਸੁਲਤਾਨਪੁਰ ਲੋਧੀ ਰਣਦੀਪ ਸਿੰਘ, ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਡੀ.ਐਸ.ਪੀ. ਕਮਲਜੀਤ ਸਿੰਘ ਔਲਖ ਤੇ ਐਸ.ਡੀ.ਓ. ਗੁਰਚਰਨ ਸਿੰਘ ਪੰਨੂ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here