ਨਹੀਂ ਰਹੇ ਏਸ਼ੀਆਈ ਖੇਡਾਂ ਵਿੱਚ 2 ਗੋਲਡ ਮੈਡਲ ਜਿੱਤਣ ਵਾਲੇ ਓਲੰਪੀਅਨ ਐਥਲੀਟ ਹਰੀ ਚੰਦ

ਹੁਸ਼ਿਆਰਪੁਰ/ਟਾਂਡਾ ਉੜਮੁੜ (ਦ ਸਟੈਲਰ ਨਿਊਜ਼)। ਟਾਂਡਾ ਉੜਮੁੜ ਏਸ਼ੀਆਈ ਖੇਡਾਂ ਵਿਚ 2 ਗੋਲਡ ਮੈਡਲ ਜਿੱਤਣ ਵਾਲੇ ਓਲੰਪੀਅਨ ਐਥਲੀਟ ਹਰੀ ਚੰਦ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਲੰਬੀ ਦੂਰੀ ਦੇ ਦੌੜਾਕ ਅਰਜੁਨ ਐਵਾਰਡੀ 69 ਵਰ੍ਹਿਆਂ ਦੇ ਹਰੀ ਚੰਦ ਕੁਝ ਦਿਨਾਂ ਤੋਂ ਬਿਮਾਰ ਸਨ। ਉਹ ਸੀ.ਆਰ.ਪੀ.ਐੱਫ. ‘ਚੋਂ ਕਮਾਂਡੈਂਟ ਦੇ ਰੂਪ ਵਿਚ ਸੇਵਾਮੁਕਤ ਹੋਏ ਸਨ। ਖੇਡਾਂ ਦੇ ਖੇਤਰ ਵਿਚ ਆਪਣੀ ਸਖ਼ਤ ਮਿਹਨਤ ਸਦਕਾ ਆਪਣੇ ਪਿੰਡ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਹਰੀ ਚੰਦ ਨੇ ਆਪਣੇ ਅੰਤਿਮ ਸਾਹਾਂ ਤੱਕ ਵੀ ਖਿਡਾਰੀਆਂ ਦਾ ਮਾਰਗ ਦਰਸ਼ਨ ਕੀਤਾ ਅਤੇ ਉਹ ਗਰਾਉਂਡ ਨਾਲ ਜੁੜੇ ਰਹੇ। ਪਿੰਡ ਘੋੜੇਵਾਹਾ ਵਿਚ 1 ਅਪ੍ਰੈਲ 1953 ਨੂੰ ਜਨਮੇ ਹਰੀ ਚੰਦ ਨੇ ਪਿੰਡ ਦੇ ਸਕੂਲ ਵਿਚ ਹੀ ਪੜ੍ਹਾਈ ਕਰਦੇ ਹੋਏ ਖੇਡ ਦੇ ਖੇਤਰ ਵਿਚ ਸਖ਼ਤ ਮਿਹਨਤ ਕਰਕੇ ਬੁਲੰਦੀ ਹਾਸਲ ਕੀਤੀ।

Advertisements

ਹਰੀ ਚੰਦ ਨੇ 1978 ਵਿਚ ਬੈਂਕਾਕ ਥਾਈਲੈਂਡ ਵਿਚ ਹੋਈਆ ਏਸ਼ੀਆ ਖੇਡਾਂ ਵਿਚ 5 ਹਜ਼ਾਰ ਮੀਟਰ ਅਤੇ 10000 ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸਿਓਲ ਸਾਊਥ ਕੋਰੀਆ ਵਿਚ 1975 ਵਿਚ ਹੋਈ ਏਸ਼ੀਅਨ ਐਥਲੈਟਿਕ ਚੈਂਪੀਅਨਸ਼ਿਪ ਵਿਚ 10000 ਮੀਟਰ ਦੌੜ ਵਿਚ ਨਵਾਂ ਰਿਕਾਰਡ ਬਣਾਉਂਦੇ ਹੋਏ ਗੋਲਡ ਮੈਡਲ ਜਿੱਤਿਆ ਅਤੇ 5000 ਮੀਟਰ ਵਿਚ ਕਾਂਸੇ ਦਾ ਮੈਡਲ ਜਿੱਤਿਆ। ਉਨ੍ਹਾਂ ਉਲਿੰਪਿਕ ਖੇਡਾਂ ਵਿਚ 1976 ਮੌਂਟਰੀਅਲ ਕੈਨੇਡਾ ਵਿਚ 10 ਹਜ਼ਾਰ ਮੀਟਰ ਅਤੇ 1980 ਵਿਚ ਮਾਸਕੋ ਸੋਵੀਅਤ ਯੂਨੀਅਨ ਵਿਚ ਮੈਰਾਥਨ ਦੌੜ ਵਿਚ ਭਾਗ ਲੈਂਦੇ ਹੋਏ ਨਵਾਂ ਕੌਮੀ ਰਿਕਾਰਡ ਬਣਾਇਆ। ਅਨੇਕਾਂ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਜਿੱਤਣ ਵਾਲੇ ਹਰੀ ਚੰਦ ਵੱਲੋਂ 10 ਹਜ਼ਾਰ ਮੀਟਰ ਦੌੜ ਵਿਚ ਬਣਾਇਆ ਕੌਮੀ ਰਿਕਾਰਡ ਲਗਤਾਰ 28 ਸਾਲ ਸਥਾਪਿਤ ਰਿਹਾ।

ਇਸ ਦੌਰਾਨ 1979 ਉਨ੍ਹਾਂ ਨੂੰ ਮੀਡੀਆ ਨੇ ਬੈਸਟ ਐਥਲੀਟ ਐਲਾਨਿਆ ਸੀ ਅਤੇ ਉਨ੍ਹਾਂ ਨੂੰ 1975 ਵਿਚ ਅਰਜੁਨ ਐਵਾਰਡ ਨਾਲ ਨਿਵਾਜਿਆ ਗਿਆ। ਐਥਲੈਟਿਕ ਵਿਚ ਡਿਪਲੋਮਾ ਕਰਨ ਵਾਲੇ ਹਰੀ ਚੰਦ ਸੀ.ਆਰ.ਪੀ.ਐੱਫ. ਵਿੱਚੋਂ ਕਮਾਂਡੈਂਟ ਵਜੋਂ ਸੇਵਾਮੁਕਤ ਹੋਏ ਸਨ। ਉਹ ਸੇਵਾਮੁਕਤੀ ਤੋਂ ਬਾਅਦ ਵੀ ਟਾਂਡਾ ਕਾਲਜ ਐਥਲੈਟਿਕ ਸੈਂਟਰ ਦੇ ਮਾਰਗਦਰਸ਼ਕ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਘੋੜੇਵਾਹਾ ਵਿਖੇ ਸਰਕਾਰੀ ਸਨਮਾਨ ਦੇ ਨਾਲ 14 ਜੂਨ ਨੂੰ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ‘ਤੇ ਟਾਂਡਾ ਐਥਲੈਟਿਕ ਸੈਂਟਰ ਸਰਕਾਰੀ ਕਾਲਜ ਟਾਂਡਾ ਕੋਚ ਕੁਲਵੰਤ ਸਿੰਘ, ਕਮਲਜੀਤ ਸਿੰਘ, ਕੋਚ ਬ੍ਰਿਜ ਮੋਹਨ ਸ਼ਰਮਾ, ਟਾਂਡਾ ਯੁਨਾਈਟਡ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਟਾਂਡਾ ਬਾਸਕਿਟਬਾਲ ਕਲੱਬ ਦੇ ਪ੍ਰਧਾਨ ਭਗਤ ਸਿੰਘ ਅਮਰੀਕਾ, ਓਂਕਾਰ ਸਿੰਘ ਧੁੱਗਾ, ਪ੍ਰਦੀਪ ਵਿਰਲੀ, ਹਰਚਰਨ ਸਿੰਘ ਧਾਲੀਵਾਲ, ਬਿਕਰਮਜੀਤ ਸਿੰਘ ਲਾਲੀ, ਰਾਕੇਸ਼ ਵੋਹਰਾ ਅਤੇ ਹੋਰ ਖੇਡ ਪ੍ਰੇਮੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

LEAVE A REPLY

Please enter your comment!
Please enter your name here