ਪੀਐਸਪੀਸੀਐਲ ਨੇ ਬਿਜਲੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੰਗ ਨੂੰ ਪੂਰਾ ਕੀਤਾ: ਬਿਜਲੀ ਮੰਤਰੀ

ਚੰਡੀਗੜ੍ਹ ( ਦ ਸਟੈਲਰ ਨਿਊਜ਼ ): ਸਾਰੇ ਖਪਤਕਾਰਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਸਬੰਧੀ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ 27-06-2022 ਨੂੰ ਦੁਪਹਿਰ 12:15 ਵਜੇ 14054 ਮੈਗਾਵਾਟ ਬਿਜਲੀ ਸਪਲਾਈ ਕਰਕੇ ਹੁਣ ਤੱਕ ਦੀ ਸਭ ਤੋਂ ਵੱਡੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੂਰੀ ਕੀਤੀ ਇਹ ਮੰਗ 4.64 ਫ਼ੀਸਦ ਜ਼ਿਆਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪਿਛਲੇ ਸਾਲ 01-07-2021 ਨੂੰ ਦੁਪਹਿਰ 1.15 ਵਜੇ ਬਿਜਲੀ ਦੀ ਇਹ ਮੰਗ 13431 ਮੈਗਾਵਾਟ ਰਿਕਾਰਡ ਕੀਤੀ ਗਈ ਸੀ।

Advertisements

ਜ਼ਿਕਰਯੋਗ ਹੈ ਕਿ ਪੀਐਸਪੀਸੀਐਲ ਨੇ 26-06-2022 ਨੂੰ ਵੀ 3103 ਐਲਯੂਜ਼ ਦੀ ਸਪਲਾਈ ਕੀਤੀ ਸੀ ਜੋ ਕਿ ਇੱਕ ਦਿਨ ਵਿੱਚ ਸਪਲਾਈ ਕੀਤੀ ਗਈ ਸਭ ਤੋਂ ਵੱਧ ਬਿਜਲੀ ਦਾ ਰਿਕਾਰਡ ਹੈ ਅਤੇ ਪਿਛਲੇ ਸਾਲ 01-07-2021 ਨੂੰ ਸਪਲਾਈ ਕੀਤੇ ਗਏ 3066 ਐਲਯੂਜ਼ ਦੇ ਮੁਕਾਬਲੇ ਇਹ 1.21 ਫ਼ੀਸਦ ਜ਼ਿਆਦਾ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਗਰਮੀਆਂ ਦੇ ਮੌਜੂਦਾ ਸੀਜਨ ਦੌਰਾਨ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ ਅਤੇ ਜੂਨ ਮਹੀਨੇ ਦੌਰਾਨ, ਪੀਐਸਪੀਸੀਐਲ ਨੇ 26-06-2022 ਤੱਕ 6254 ਐਮਯੂਜ਼ ਦੀ ਸਪਲਾਈ ਕੀਤੀ ਹੈ ਜੋ ਕਿ ਸਾਲ 2021 ਦੀ ਇਸੇ ਮਿਆਦ ਦੌਰਾਨ ਸਪਲਾਈ ਕੀਤੇ 5828 ਐਮਯੂਜ਼ ਦੇ ਮੁਕਾਬਲੇ 7 ਫ਼ੀਸਦ ਵੱਧ ਹੈ। ਉਹਨਾਂ ਅੱਗੇ ਕਿਹਾ ਕਿ ਝੋਨੇ ਦੇ ਸੀਜ਼ਨ ਲਈ ਪੀਐਸਪੀਸੀਐਲ ਵੱਲੋਂ ਖੇਤੀਬਾੜੀ ਖਪਤਕਾਰਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਕਿਸੇ ਵੀ ਵਰਗ ਦੇ ਖਪਤਕਾਰਾਂ ‘ਤੇ ਬਿਜਲੀ ਕੱਟ ਲਗਾਏ ਬਿਨਾਂ ਸੂਬੇ ਦੇ ਹਰੇਕ ਵਰਗ ਦੇ ਖਪਤਕਾਰਾਂ ਨੂੰ ਵੀ 24 ਘੰਟੇ ਬਿਜਲੀ ਸਪਲਾਈ ਪ੍ਰਦਾਨ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here