ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਕੁਲਦੀਪ ਸਿੰਘ ਦਾ ਅੰਤਿਮ ਸੰਸਕਾਰ

ਫਿਰੋਜ਼ਪੁਰ/ਜ਼ੀਰਾ (ਦ ਸਟੈਲਰ ਨਿਊਜ਼):  ਦੇਸ਼ ਦੀ ਸੁਰੱਖਿਆ ਕਰਨ ਲਈ ਫੌਜ ਵਿੱਚ ਭਰਤੀ ਹੋਏ ਜ਼ੀਰਾ ਦੇ ਪਿੰਡ ਲੌਹੁਕੇ ਕਲਾਂ ਦੇ ਵਸਨੀਕ ਫੌਜੀ ਜਵਾਨ ਸ. ਕੁਲਦੀਪ ਸਿੰਘ ਜੋ ਕਿ ਚੀਨ ਦੇ ਬਾਰਡਰ ਤੇ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਲੌਹੁਕੇ ਕਲਾਂ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਆਜ਼ਾਦੀ ਘੁਲਾਟੀਏ, ਰੱਖਿਆ ਸੇਵਾਵਾਂ, ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਮੰਤਰੀ ਸ. ਫੌਜਾ ਸਿੰਘ ਸਰਾਰੀ ਨੇ ਸ਼ਹੀਦ ਦੇ ਮ੍ਰਿਤਕ ਸਰੀਰ ਨੂੰ ਖੁਦ ਪਾਇਲਟ ਲਗਾ ਕੇ ਉਨ੍ਹਾਂ ਦੇ ਘਰ ਪਹੁੰਚਾ ਕੇ ਵਿਸ਼ੇਸ਼ ਤੌਰ ਤੇ ਸ਼ਰਧਾਂਜਲੀ ਦਿੱਤੀ।

Advertisements

ਸ਼ਹੀਦੀ ਪਾਉਣ ਵਾਲੇ ਭਾਰਤੀ ਫੌਜ਼ ਦੇ ਜਵਾਨ ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਨੂੰ ਅੱਜ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਲੌਹੁਕੇ ਕਲਾਂ ਵਿਖੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।  ਇਸ ਮੌਕੇ ਭਾਰਤੀ ਫੌਜ਼ ਦੇ ਅਧਿਕਾਰੀਆਂ ਅਤੇ ਫੋਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ।  ਸ਼ਹੀਦ ਦਾ ਮ੍ਰਿਤਕ ਸ਼ਰੀਰ ਪਿੰਡ ਪਹੁੰਚਣ ‘ਤੇ ਪਰਿਵਾਰ ਵਾਲਿਆਂ ਅਤੇ ਨੇੜਲੇ ਪਿੰਡਾਂ ਤੋਂ ਆਏ  ਵਸਨੀਕਾਂ ਦੀਆਂ ਅੱਖਾਂ ਨਮ ਦਿਖਾਈ ਦਿੱਤੀਆਂ। ਸ਼ਹੀਦ ਆਪਣੇ ਪਰਿਵਾਰ ਵਿੱਚ ਆਪਣੀ ਪਤਨੀ, 1 ਬੇਟਾ, ਮਾਂ, ਵੱਡਾ ਭਰਾ ਅਤੇ ਤਿੰਨ ਭੈਣਾਂ ਛੱਡ ਗਿਆ ਹੈ।  ਇਸ ਮੌਕੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕੈਪਟਨ ਪ੍ਰਵੀਨ ਸਿੰਘ ਨੇ ਕਿਹਾ ਕਿ ਇਹ ਜਵਾਨ ਦੇਸ਼ ਲਈ ਸ਼ਹੀਦ ਹੋਇਆ ਹੈ ਸਾਨੂੰ ਇਸ ਭਾਰਤੀ ਫੌਜ ਦੇ ਜਵਾਨ ਦੀ ਸ਼ਹਾਦਤ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਦੀ ਸ਼ਹੀਦੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।      

ਕੈਬਨਿਟ ਮੰਤਰੀ ਸ. ਫੌਜਾ ਸਿੰਘ ਸਰਾਰੀ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਹਰ ਤਰ੍ਹਾਂ ਦੀ ਸੰਭਵ ਮੱਦਦ ਕਰਨ ਲਈ ਵਚਨਬੱਧ ਹੈ।  ਇਸ ਮੌਕੇ ਜ਼ੀਰਾ ਦੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ, ਐਸ.ਐਸ.ਪੀ. ਫਿਰੋਜ਼ਪੁਰ ਚਰਨਜੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਅਰਵਿੰਦ ਪ੍ਰਕਾਸ਼ ਵਰਮਾ, ਸ. ਕੁਲਦੀਪ ਸਿੰਘ ਭੁੱਲਰ, ਸੂਬੇਦਾਰ ਮੇਜਰ ਕੁਲਦੀਪ ਸਿੰਘ, ਸੂਬੇਦਾਰ ਨਿਸ਼ਾਨ ਸਿੰਘ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਤੇ ਭਾਰਤੀ ਫੌਜ਼ ਦੇ ਹੋਰ ਜਵਾਨ ਤੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here