ਮਾਤਾ ਚਿੰਤਪੂਰਨੀ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ 15 ਤੋਂ 24 ਅਗਸਤ ਤੱਕ ਹੁਸ਼ਿਆਰਪੁਰ ਤੋਂ ਚੋਹਾਲ ਤੱਕ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਦਿੱਤੇ ਨਿਰਦੇਸ਼

Chintapurni-mela-meeting
ਹੁਸ਼ਿਆਰਪੁਰ, 10 ਅਗਸਤ: ਮਾਤਾ ਚਿੰਤਪੂਰਨੀ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਅਲੱਗ-ਅਲੱਗ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਬੈਠਕ ਨੂ ੰਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ  ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਚਿੰਤਪੂਰਨੀ ਦੇ ਮੇਲੇ 15 ਅਗਸਤ 2015 ਤੋਂ ਸ਼ੁਰੂ ਹੋ ਰਹੇ ਹਨ। ਹਰ ਸਾਲ ਲੱਖਾਂ ਦੀ ਸੰਖਿਆ ਵਿੱਚ ਸ਼ਰਧਾਲੂ ਹੁਸ਼ਿਆਰਪੁਰ-ਚੋਹਾਲ ਸੜਕ ਰਾਹੀਂ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਹਿਮਾਚਲ ਪ੍ਰਦੇਸ਼ ਜਾਂਦੇ ਹਨ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਮੁੱਖ ਸੜਕ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੁਲਿਸ ਵਿਭਾਗ ਵੱਲੋਂ 3 ਕੰਟਰੋਲ ਰੂਮ ਚੋਹਾਲ ਅਤੇ ਮੰਗੂਵਾਲ ਵਿਖੇ ਬਣਾਏ ਗਏ ਹਨ। ਟਰੈਫਿਕ ਸਮੱਸਿਆ ਨੂੰ ਨਜਿੱਠਣ ਲਈ ਪੁਲਿਸ ਮੁਲਾਜ਼ਮਾਂ ਅਤੇ ਸਬੰਧਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਸ਼ਰਧਾਲੂਆਂ ਦੇ ਲਈ ਸਿਹਤ ਸਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਿਵਲ ਹਸਪਤਾਲ ਵੱਲੋਂ ਸਾਫ਼ ਪਾਣੀ ਲਈ ਕਲੋਰੀਨੇਟ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾਣਗੀਆਂ। ਯਾਤਰਾ ਦੌਰਾਨ ਸ਼ਰਧਾਲੂਆਂ ਲਈ ਮੌਕੇ ‘ਤੇ ਹਰ ਸੰਭਵ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਵਲ ਉਨ੍ਹਾਂ ਲੰਗਰ ਕਮੇਟੀਆਂ ਨੂੰ ਹੀ ਲੰਗਰ ਲਗਾਉਣ ਦੀ ਇਜ਼ਾਜਤ ਦਿੱਤੀ ਜਾਵੇਗੀ ਜਿਨ੍ਹਾਂ ਨੇ ਪ੍ਰਸ਼ਾਸ਼ਨ ਵੱਲੋਂ ਮਨਜ਼ੂਰੀ ਲਈ ਹੋਵੇ। ਬਿਨਾਂ ਮਨਜ਼ੂਰੀ ਦੇ ਕਿਸੇ ਨੂੰ ਵੀ ਲੰਗਰ ਲਗਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਿਉਂਸਪਲ ਕਮੇਟੀ ਹੁਸ਼ਿਆਰਪੁਰ ਵੱਲੋਂ ਮੁੱਖ ਸੜਕਾਂ ‘ਤੇ ਲਾਈਟਾਂ ਦੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੇਲੇ ਵਾਲੇ ਦਿਨਾਂ 15 ਤੋਂ 24 ਅਗਸਤ ਤੱਕ ਮੁੱਖ ਸੜਕ ਹੁਸ਼ਿਆਰਪੁਰ ਤੋਂ ਚੋਹਾਲ ਤੱਕ ਮੀਟ ਦੀਆਂ ਦੁਕਾਨਾਂ ਬੰਦ ਰਹਿਣ ਲਈ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸ ਸੜਕ ‘ਤੇ ਸ਼ਰਾਬ ਦੇ ਠੇਕੇ ਬੰਦ ਰੱਖਣ ਲਈ ਵੀ ਕਰ ਤੇ ਆਬਕਾਰੀ ਵਿਭਾਗ ਨੂੰ ਲਿਖਿਆ ਗਿਆ ਹੈ। ਪੰਜਾਬ ਰੋਡਵੇਜ਼ ਵੱਲੋਂ ਕਿਸੇ ਦੁਰਘਟਨਾ ਦੀ ਸਥਿਤੀ ਵਿੱਚ ਸਹਿਯੋਗ ਦੇਣ ਲਈ ਰਿਕਵਰੀ ਵੈਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੱਸਾਂ ਦੀਆਂ ਛੱਤਾਂ ‘ਤੇ ਬੈਠ ਕੇ ਸਫ਼ਰ ਨਾ ਕਰਨ, ਇਸ ਨਾਲ ਦੁਰਘਟਨਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਇਸ ਦੌਰਾਨ ਐਸ ਡੀ ਐਮ ਅਨੰਦ ਸਾਗਰ ਸ਼ਰਮਾ ਨੇ ਸਾਰੀਆਂ ਲੰਗਰ ਕਮੇਟੀਆਂ ਨੂੰ ਸਫ਼ਾਈ ਵਿਵਸਥਾ ਦਾ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ  ਪ੍ਰਸ਼ਾਸ਼ਨ ਵੱਲੋਂ ਵੀ ਲੰਗਰ ਵਾਲੀਆਂ ਥਾਵਾਂ ਨੇੜੇ ਕੂੜਾਦਾਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਅਤੇ ਲੰਗਰ ਕਮੇਟੀਆਂ ਵੀ ਲੰਗਰ ਖਤਮ ਹੋਣ ਤੋਂ ਬਾਅਦ ਸਫ਼ਾਈ ਵਿਵਸਥਾ ਦਾ ਵਿਸ਼ੇਸ਼ ਧਿਆਨ ਰੱਖਣ।  ਇਸ ਮੌਕੇ ‘ਤੇ ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਐਕਸੀਅਨ ਲੋਕ ਨਿਰਮਾਣ ਆਰ ਐਸ ਬੈਂਸ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਸਹਾਇਕ ਸਿਵਲ ਸਰਜਨ ਰਜਨੀਸ਼ ਕੁਮਾਰ ਸੈਣੀ, ਬੀ ਡੀ ਪੀ ਓ -1 ਕੁਲਦੀਪ ਕੌਰ, ਬੀ ਡੀ ਪੀ ਓ -2 ਸੁਖਦੇਵ ਸਿੰਘ, ਡੀ ਐਸ ਸਿਟੀ ਸਮੀਰ ਵਰਮਾ, ਸੁਪਰਡੰਟ ਪੰਜਾਬ ਰੋਡਵੇਜ਼ ਨਗਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here