ਜਲੰਧਰ ’ਚ ਦਿੱਲੀ-ਕੱਟੜਾ ਐਕਸਪ੍ਰੈਸਵੇ ਅਧੀਨ 97 ਫੀਸਦੀ ਜ਼ਮੀਨ ਦੇ ਕਬਜ਼ੇ ਦੀ ਪ੍ਰਕਿਰਿਆ ਮੁਕੰਮਲ : ਡਿਪਟੀ ਕਮਿਸ਼ਨਰ

ਜਲੰਧਰ ( ਦ ਸਟੈਲਰ ਨਿਊਜ਼): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਲੀ-ਕੱਟੜਾ ਐਕਸਪ੍ਰੈਸਵੇ ਅਧੀਨ ਜਲੰਧਰ ’ਚ 97 ਫੀਸਦੀ ਜ਼ਮੀਨ ਦੇ ਕਬਜ਼ੇ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਚੁੱਕੀ ਹੈ । ਇਸ ਤੋਂ ਇਲਾਵਾ ਜਲੰਧਰ ਬਾਈਪਾਸ ਪ੍ਰਾਜੈਕਟ ਅਧੀਨ 52 ਫੀਸਦੀ ਜ਼ਮੀਨ ਦਾ ਕਬਜ਼ਾ ਲਿਆ ਜਾ ਚੁੱਕਾ ਹੈ ਤਾਂ ਜੋ ਇਨ੍ਹਾਂ ਕੌਮੀ ਮਹੱਤਤਾ ਵਾਲੇ ਪ੍ਰਾਜੈਕਟਾਂ ਦੇ ਜਲਦ ਨਿਰਮਾਣ ਦਾ ਰਾਹ ਪੱਧਰਾ ਹੋ ਸਕੇ।
ਐਨ.ਐਚ.ਏ.ਆਈ. ਦੇ ਚੇਅਰਪਰਸਨ ਅਲਕਾ ਉਪਾਧਿਆਏ ਤੇ ਮੁੱਖ ਸਕੱਤਰ ਵੀ.ਕੇ. ਜੰਜੂਆ ਵੱਲੋਂ ਵੱਖ-ਵੱਖ ਹਾਈਵੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਮੀਟਿੰਗ ’ਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਲੰਧਰ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇ ਤਹਿਤ ਹੁਣ ਤੱਕ ਕਬਜ਼ੇ ਅਧੀਨ ਲਈ ਗਈ 97 ਫੀਸਦੀ ਜ਼ਮੀਨ ਵਿੱਚ ਜਲੰਧਰ-2 ਵਿੱਚ 98 ਫੀਸਦੀ, ਫਿਲੌਰ ਵਿੱਚ 100 ਫੀਸਦੀ ਅਤੇ ਨਕੋਦਰ ਵਿੱਚ 90 ਫੀਸਦੀ (ਅੰਮ੍ਰਿਤਸਰ ਕਨੈਕਟੀਵਿਟੀ) ਅਤੇ 100 ਫੀਸਦੀ (ਮੁੱਖ ਅਲਾਈਨਮੈਂਟ) ਕਬਜ਼ਾ ਲਿਆ ਗਿਆ ਹੈ । ਜਦਕਿ ਐੱਨ.ਐੱਚ.-70 ਨੂੰ ਚੌੜਾ ਕਰਨ ਅਤੇ ਆਦਮਪੁਰ ਫਲਾਈਓਵਰ ਪ੍ਰਾਜੈਕਟਾਂ ਤਹਿਤ 100 ਫੀਸਦੀ ਜ਼ਮੀਨ ਪਹਿਲਾਂ ਹੀ ਕਬਜ਼ੇ ਵਿਚ ਲਈ ਜਾ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਬਾਈਪਾਸ ਅਧੀਨ 52 ਫੀਸਦੀ ਜ਼ਮੀਨ ਕਬਜ਼ੇ ਵਿੱਚ ਲਈ ਜਾ ਚੁੱਕੀ ਹੈ ਜਦਕਿ ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਬਾਈਪਾਸ ਲਈ ਵੀ ਕਬਜ਼ੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਲਈ ਜ਼ਮੀਨ ਦੇ ਕਬਜ਼ੇ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪ੍ਰਾਜੈਕਟਾਂ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ।  
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦਿੱਲੀ-ਕਟੜਾ ਐਕਸਪ੍ਰੈਸਵੇ ਪ੍ਰਾਜੈਕਟ ਤਹਿਤ ਜ਼ਮੀਨ ਮਾਲਕਾਂ ਨੂੰ 443.23 ਕਰੋੜ ਰੁਪਏ ਦੀ ਅਵਾਰਡ ਰਾਸ਼ੀ ਵੰਡੀ ਜਾ ਚੁੱਕੀ ਹੈ, ਜਿਸ ਵਿੱਚ ਐਸ.ਡੀ.ਐਮ.-2 ਵੱਲੋਂ 242.87 ਕਰੋੜ, ਐਸ.ਡੀ.ਐਮ. ਫਿਲੌਰ ਵੱਲੋਂ 107.04 ਅਤੇ ਐਸ.ਡੀ.ਐਮ. ਨਕੋਦਰ ਵੱਲੋਂ 93.32 ਕਰੋੜ ਰੁਪਏ ਸ਼ਾਮਲ ਹਨ। ਇਸੇ ਤਰ੍ਹਾਂ ਜਲੰਧਰ ਬਾਈਪਾਸ ਅਧੀਨ 213 ਕਰੋੜ, ਐਨ.ਐਚ-70 ਨੂੰ ਚੌੜਾ ਕਰਨ ਅਤੇ ਆਦਮਪੁਰ ਫਲਾਈਓਵਰ ਪ੍ਰਾਜੈਕਟ ਤਹਿਤ 135.37 ਕਰੋੜ ਅਤੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਬਾਈਪਾਸ ਪ੍ਰਾਜੈਕਟ ਅਧੀਨ ਜ਼ਮੀਨ ਮਾਲਕਾਂ ਨੂੰ 8 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਸਬੰਧਤ ਕੰਪੀਟੈਂਟ ਅਥਾਰਟੀ ਆਫ ਲੈਂਡ ਐਕੂਜ਼ੀਸ਼ਨ ਨੂੰ ਇਸ ਮਹੀਨੇ ਦੇ ਅਖੀਰ ਤੱਕ ਜਲੰਧਰ ਬਾਈਪਾਸ ਅਧੀਨ ਜ਼ਮੀਨ ਦੇ 80 ਫੀਸਦੀ ਕਬਜ਼ੇ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੰਦਿਆਂ ਸਬੰਧਤ ਵਿਅਕਤੀਆਂ ਨੂੰ ਮੁਆਵਜ਼ੇ ਦੀ ਵੰਡ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ।
ਇਸ ਮੌਕੇ ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ, ਐਸ.ਡੀ.ਐਮ. ਫਿਲੌਰ ਲਾਲ ਵਿਸ਼ਵਾਸ, ਐਸ.ਡੀ.ਐਮ. ਨਕੋਦਰ ਰਣਦੀਪ ਸਿੰਘ ਹੀਰ, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ ਅਤੇ ਐਨ.ਐਚ.ਏ.ਆਈ. ਤੋਂ ਪ੍ਰਸ਼ਾਂਤ ਮਹਾਜਨ ਮੌਜੂਦ ਸਨ।

Advertisements

LEAVE A REPLY

Please enter your comment!
Please enter your name here