ਕੈਬਨਿਟ ਮੰਤਰੀ ਜੌੜਾਮਾਜਰਾ ਸਮੇਤ ਵਿਧਾਇਕ ਕੋਹਲੀ, ਡਾ. ਬਲਬੀਰ, ਗੁਰਲਾਲ ਤੇ ਡਿਪਟੀ ਕਮਿਸ਼ਨਰ ਨੇ ਵੀ 100 ਮੀਟਰ ਦੌੜ ‘ਚ ਲਿਆ ਹਿੱਸਾ

ਪਟਿਆਲਾ (ਦ ਸਟੈਲਰ ਨਿਊਜ਼): ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਖੇਡਾਂ ਵਤਨ ਪੰਜਾਬ ਦੀਆਂ-2022 ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੀ ਸ਼ੁਰੂਆਤ ਮੌਕੇ 100 ਮੀਟਰ ਦੌੜ ‘ਚ ਖ਼ੁਦ ਹਿੱਸਾ ਲੈਕੇ ਨੌਜਵਾਨਾਂ ਨੂੰ ਨਵੀਂ ਸੇਧ ਦਿੱਤੀ ਹੈ। ਉਨ੍ਹਾਂ ਦੇ ਨਾਲ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ ਅਤੇ ਗੁਰਲਾਲ ਘਨੌਰ ਵੀ ਦੌੜੇ। ਜਦਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਏ.ਡੀ.ਸੀ. ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ ਤੇ ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਨੇ ਵੀ ਇਸ ਦੌੜ ‘ਚ ਹਿੱਸਾ ਲਿਆ।
ਇੱਥੇ ਰਾਜਾ ਭਾਲਿੰਦਰਾ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਦੌੜ ‘ਚ ਪਹਿਲੇ ਸਥਾਨ ‘ਤੇ ਆਉਣ ਮਗਰੋਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸੂਬੇ ਦੀ ਜਵਾਨੀ ਦੀ ਨੁਹਾਰ ਬਦਲ ਦੇਣਗੀਆਂ। ਉਨ੍ਹਾਂ ਕਿਹਾ ਕਿ ਤੰਦਰੁਸਤੀ ਲਈ ਹਰ ਨਾਗਰਿਕ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਹਿੱਸਾ ਜਰੂਰ ਲੈਣਾ ਚਾਹੀਦਾ ਹੈ, ਇਸੇ ਲਈ ਉਹ ਖ਼ੁਦ ਵੀ ਅੱਜ ਦੌੜੇ ਹਨ। ਰੱਸਾਕਸੀ (ਟੱਗ ਆਫ਼ ਵਾਰ) ਦੇ ਪ੍ਰਦਰਸ਼ਨੀ ਮੈਚ ਵਿੱਚ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਨਗਰ ਨਿਗਮ ਦੀ ਟੀਮ ਨੂੰ ਹਰਾਇਆ। ਹੀਟ ਦੌੜ 100 ਮੀਟਰ ਅੰਡਰ-21 ਲੜਕੇ ‘ਚ ਖੁਸ਼ਹਾਲਦੀਪ ਸਿੰਘ ਪਹਿਲੇ, ਸੂਹੀਆ ਦੇਵ ਦੂਜੇ ਤੇ ਅਮਨਦੀਪ ਸਿੰਘ ਤੀਜੇ ਸਥਾਨ ‘ਤੇ ਰਹੇ। ਲੜਕੀਆਂ ਦੀ ਦੌੜ ‘ਚ ਦੀਕਸ਼ਾ ਪਹਿਲੇ, ਮਨਮੀਤ ਕੌਰ ਦੂਜੇ ਤੇ ਮੇਹਰਦੀਪ ਕੌਰ ਤੀਜੇ ਸਥਾਨ ‘ਤੇ ਰਹੀ।
ਸਰਕਾਰੀ ਐਲੀਮੈਂਟਰੀ ਸਕੂਲ ਘਾਹ ਮੰਡੀ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੀ.ਟੀ. ਸ਼ੋਅ ਨਾਲ ਬਚਪਨ ਤੋਂ ਹੀ ਖੇਡਾਂ ਨਾਲ ਜੁੜਨ ਦਾ ਸੰਦੇਸ਼ ਅਤੇ ਨਵਜੀਵਨੀ ਸਕੂਲ ਦੇ ਜੂਨੀਅਰ ਅਤੇ ਸੀਨੀਅਰ ਬੱਚਿਆਂ ਦੀ 100 ਮੀਟਰ ਵਿਸ਼ੇਸ਼ ਦੌੜ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ। ਸਰਕਾਰੀ ਮਹਿੰਦਰਾ ਕਾਲਜ, ਮਾਡਲ ਸੀਨੀਅਰ ਸੈਕੰਡਰੀ ਸਕੂਲ ਪੰਜਾਬੀ ਯੂਨੀਵਰਸਿਟੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਅਤੇ ਫੀਲ ਖਾਨਾ ਦੇ ਵਿਦਿਆਰਥੀਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ ਅਤੇ ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਆ। ਵਾਲੀਬਾਲ ਦੀ ਏਸ਼ੀਅਨ ਚੈਂਪੀਅਨਸ਼ਿਪ ਅੰਡਰ 21 ‘ਚ ਸਿਲਵਰ ਮੈਡਾਲਿਸਟ ਜਸਨੂਰ ਸਿੰਘ ਢੀਂਡਸਾ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਨਸ਼ਿਆਂ ਵਿਰੁੱਧ ਸਹੁੰ ਚੁਕਾਈ। ਕਾਮਨ ਵੈਲਥ ਖੇਡਾਂ ਦੇ ਜ਼ਿਲ੍ਹੇ ਦੇ ਖਿਡਾਰੀ ਤੇ ਕੌਮਾਂਤਾਰੀ ਸਾਇਕਲਿਸਟ ਨਮਨ ਕਪਿਲ ਅਤੇ ਵਿਸ਼ਵਜੀਤ ਸਿੰਘ ਨੇ ਕੈਬਨਿਟ ਮੰਤਰੀ ਤੋਂ ਖੇਡਾਂ ਦੀ ਮਸ਼ਾਲ ਹਾਸਲ ਕਰਕੇ ਖੇਡ ਮੈਦਾਨ ਵਿੱਚ ਸਜਾਈ।
ਸਮਾਗਮ ਦੌਰਾਨ ਆਪ ਦੇ ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਸਹਿ-ਇੰਚਾਰਜ ਪ੍ਰੀਤੀ ਮਲਹੋਤਰਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਦਿਹਾਤੀ ਪ੍ਰਧਾਨ ਤੇ ਮਨੋਨੀਤ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੇਘ ਚੰਦ ਸ਼ੇਰ ਮਾਜਰਾ, ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਮਨੋਨੀਤ ਚੇਅਰਮੈਨ ਜਸਬੀਰ ਸਿੰਘ ਜੱਸੀ, ਮੁਲਾਜਮ ਵਿੰਗ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਜੇ.ਪੀ. ਸਿੰਘ, ਕ੍ਰਿਸ਼ਨ ਚੰਦ ਬੁੱਧੂ, ਅੰਗਰੇਜ ਸਿੰਘ ਰਾਮਗੜ੍ਹ, ਕੋਚ ਤੇ ਵੱਡੀ ਗਿਣਤੀ ਖਿਡਾਰੀਆਂ ਸਮੇਤ ਸ਼ਹਿਰ ਦੇ ਪਤਵੰਤੇ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here