ਜ਼ਿਲ੍ਹਾ ਵਾਸੀਆਂ ਨੂੰ ਸ਼ਹੀਦ-ਏ-ਆਜ਼ਮ ਨੂੰ ਸਮਰਪਿਤ ਸਰਗਰਮੀਆਂ ’ਚ ਵਧ-ਚੜ੍ਹ ਕੇ ਭਾਗ ਲੈਣ ਦਾ ਸੱਦਾ

ਜਲੰਧਰ, (ਦ ਸਟੈਲਰ ਨਿਊਜ਼): ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ 115ਵੇਂ ਜਨਮ ਦਿਵਸ ਮੌਕੇ 28 ਸਤੰਬਰ ਨੂੰ ਜ਼ਿਲ੍ਹੇ ਭਰ ’ਚ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸਰਗਰਮੀਆਂ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੂੰ ਸਮੁੱਚੇ ਇੰਤਜ਼ਾਮ ਸਮੇਂ ਸਿਰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਸਕੇ।ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜੀਵਨ ਅਤੇ ਸੰਘਰਸ਼ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਸਰਗਰਮੀਆਂ ਉਲੀਕੀਆਂ ਗਈਆਂ ਹਨ, ਜਿਨ੍ਹਾਂ ਦੇ ਲਈ ਪ੍ਰਬੰਧਾਂ ਪੱਖੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ।
ਉਨ੍ਹਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ਵਾਲੇ ਦਿਨ ਸ਼ਹਿਰ ਵਿੱਚ ਪਰੋਮੋ ਰਨ ਕਰਵਾਈ ਜਾ ਰਹੀ ਹੈ, ਜੋ ਕਿ ਸਵੇਰੇ 6 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਸ਼ਿਵਾਨੀ ਪਾਰਕ ਤੋਂ ਹੁੰਦੇ ਹੋਏ ਮੁੜ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਵੇਗੀ। ਇਸ ਦੇ ਨਾਲ ਹੀ ਇਸੇ ਰੂਟ ’ਤੇ ਸਾਈਕਲ ਰੈਲੀ ਵੀ ਕਰਵਾਈ ਜਾਵੇਗੀ ਜਦਕਿ ਸ਼ਾਮ 5 ਵਜੇ ਬਰਲਟਨ ਪਾਰਕ ਵਿਖੇ ਹਾਕੀ ਮੈਚ ਹੋਵੇਗਾ। ਸਕੂਲਾਂ/ਕਾਲਜਾਂ/ਨਗਰ ਕੌਂਸਲਾਂ/ਸਰਕਾਰੀ ਇਮਾਰਤਾਂ ਵਿੱਚ ਤਿਰੰਗਾ ਲਹਿਰਾਉਣ ਤੋਂ ਇਲਾਵਾ ਸ਼ਾਮ ਨੂੰ 7 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੈਂਡਲ ਮਾਰਚ ਦੀ ਸ਼ੁਰੂਆਤ ਕੀਤੀ ਜਾਵੇਗੀ।
ਜਸਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ 28 ਸਤੰਬਰ ਨੂੰ ਵਿਦਿਆਰਥੀਆਂ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ ਕਰਵਾਇਆ ਜਾਵੇਗਾ, ਜਿਸ ਦੌਰਾਨ ਉਨ੍ਹਾਂ ਨੂੰ ਉਥੇ ਆਜ਼ਾਦੀ ਸੰਗਰਾਮ ’ਤੇ ਆਧਾਰਿਤ ਲਘੂ ਫਿਲਮ ਦਿਖਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਪਰੋਮੋ ਰਨ ਤੇ ਸਾਈਕਲ ਰੈਲੀ ਵਾਲੇ ਰੂਟ ’ਤੇ ਸਾਫ-ਸਫਾਈ, ਪਾਣੀ ਦਾ ਪ੍ਰਬੰਧ, ਮੈਡੀਕਲ ਟੀਮਾਂ, ਐਂਬੂਲੈਂਸ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੰਦਿਆਂ ਹੋਰਨਾਂ ਗਤੀਵਿਧੀਆਂ ਲਈ ਵੀ ਪੁਖ਼ਤਾ ਬੰਦੋਬਸਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪੁਲਿਸ ਵਿਭਾਗ ਨੂੰ ਪਰੋਮੋ ਰਨ, ਸਾਈਕਲ ਰੈਲੀ ਤੇ ਕੈਂਡਲ ਮਾਰਚ ਦੌਰਾਨ ਟ੍ਰੈਫਿਕ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰੀ ਖੇਤਰਾਂ ਵਿੱਚ ਰਿਹਾਇਸ਼ੀ ਕਮੇਟੀਆਂ ਨਾਲ ਤਾਲਮੇਲ ਕਰਕੇ ਸ.ਭਗਤ ਸਿੰਘ ਜੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ ਜਦਕਿ ਪਿੰਡਾਂ ਵਿੱਚ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਦੇ ਜੀਵਨ ਅਤੇ ਸੰਘਰਸ਼ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ ਤਾਂ ਜੋ ਮਹਾਨ ਸ਼ਹੀਦ ਨੂੰ ਢੁੱਕਵੀਂ ਸਰਧਾਂਜ਼ਲੀ ਦਿੱਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਸ਼ਹੀਦ-ਏ-ਆਜ਼ਮ ਦੇ ਜੀਵਨ ਅਤੇ ਵਿਚਾਰਾਂ ਨਾਲ ਸਬੰਧਿਤ ਪੇਂਟਿੰਗ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਇਸ ਸਬੰਧੀ ਜ਼ਿਲ੍ਹਾ ਪੱਧਰੀ ਮੁਕਾਬਲੇ 28 ਸਤੰਬਰ ਨੂੰ ਹੋਣਗੇ।  
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਜ਼ਿਲੇ ਭਰ ’ਚ ਕਰਵਾਈਆਂ ਜਾ ਰਹੀਆਂ ਸਰਗਰਮੀਆਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੱਤਾ ਅਤੇ ਸ਼ਹਿਰ ਵਿੱਚ ਕਰਵਾਈ ਜਾ ਰਹੀ ਪਰੋਮੋ ਰਨ ਅਤੇ ਸਾਈਕਲ ਰੈਲੀ ਵਿੱਚ ਵੀ ਵੱਡੀ ਗਿਣਤੀ ’ਚ ਹਿੱਸਾ ਲੈਣ ਲਈ ਕਿਹਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ, ਐਸ.ਪੀ. ਆਦਿੱਤਿਆ, ਸਹਾਇਕ ਕਮਿਸ਼ਨਰ (ਯੂ.ਟੀ.) ਪੰਕਜ ਬਾਂਸਲ, ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਾਲਜਾਂ ਦੇ ਨੁਮਾਇੰਦੇ ਮੌਜੂਦ ਸਨ।

Advertisements

LEAVE A REPLY

Please enter your comment!
Please enter your name here