ਕੈਬਨਿਟ ਮੰਤਰੀ ਡਾ. ਬਲਬੀਰ ਵੱਲੋਂ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਲਿਆ ਗਿਆ ਜਾਇਜ਼ਾ

ਪਟਿਆਲਾ, (ਦ ਸਟੈਲਰ ਨਿਊਜ਼)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਦਿਹਾਤੀ ਖੇਤਰ ਅਧੀਨ ਪੈਂਦੇ ਚਾਰ ਪਿੰਡਾਂ ‘ਚ ਲਾਇਬਰੇਰੀਆਂ ਅਤੇ ਤਿੰਨ ਪਿੰਡਾਂ ‘ਚ ਖੇਡ ਨਰਸਰੀਆਂ ਬਣਾਈਆਂ ਜਾਣਗੀਆਂ। ਉਹ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਸਮੇਤ ਪਿੰਡਾਂ ਅਤੇ ਵਾਰਡਾਂ ਦੇ ਨੁਮਾਇੰਦਿਆਂ ਨਾਲ ਇੱਕ ਸਾਂਝੀ ਬੈਠਕ ਕਰਕੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਵਿੱਚ ਚੱਲ ਰਹੇ ਅਤੇ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ।

Advertisements

ਡਾ. ਬਲਬੀਰ ਸਿੰਘ ਨੇ ਪਿੰਡ ਲੁਬਾਣਾ ਟੇਕੂ ਦੀ ਢਾਬ ਦੇ ਸੁੰਦਰੀਕਰਨ ਅਤੇ ਉਸਦੇ ਪਾਣੀ ਦੀ ਵਰਤੋਂ ਡਰਿੱਪ ਇਰੀਗੇਸ਼ਨ ਨਾਲ ਖੇਤਾਂ ‘ਚ ਸਿੰਚਾਈ ਲਈ ਵਰਤਣ ਸਬੰਧੀ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਝਿੱਲ ਅਤੇ ਲੰਗ ਵਿੱਚ ਯੋਗਾ ਕੈਂਪ ਲਈ ਢਾਂਚਾ ਵਿਕਸਤ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਜ਼ਿਲ੍ਹੇ ‘ਚ ਜਲਦੀ ਹੀ ਪੰਜ ਹੋਰ ਮਲਟੀਰੋਲ ਮੋਬਾਇਲ ਵੈਨ ਦਿੱਤੀਆਂ ਜਾਣਗੀਆਂ।

ਮੀਟਿੰਗ ਦੌਰਾਨ ਸਿਹਤ ਵਿਭਾਗ, ਪੰਚਾਇਤ ਵਿਭਾਗ, ਖੇਡ ਵਿਭਾਗ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਾਗਬਾਨੀ, ਜਲ ਅਤੇ ਭੂਮੀ ਰੱਖਿਆ, ਉਦਯੋਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਇਨੋਵੇਟਿਵ ਪ੍ਰੋਜੈਕਟਾਂ ਸਬੰਧੀ ਪ੍ਰੈਜ਼ਨਟੇਸ਼ਨ ਦਿੱਤੀ ਗਈ, ਜਿਸ ‘ਚ ਪ੍ਰੋਜੈਕਟ ਸ਼ੁਰੂ ਹੋਣ ਨਾਲ ਇਲਾਕੇ ਨੂੰ ਹੋਣ ਵਾਲੇ ਫਾਇਦੇ ਸਮੇਤ ਹੋਰ ਜ਼ਰੂਰੀ ਨੁਕਤਿਆਂ ‘ਤੇ ਚਰਚਾ ਕੀਤੀ ਗਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਲੋਕਾਂ ਨੂੰ ਲਾਭ ਦੇਣ ਵਾਲੇ ਹਰੇਕ ਪ੍ਰੋਜੈਕਟ ਨੂੰ ਪਹਿਲ ਦੇ ਆਧਾਰ ‘ਤੇ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗਾਂ ਵੱਲੋਂ ਜੋ ਨਵੇਂ ਇਨੋਵੇਟਿਵ ਪ੍ਰੋਜੈਕਟਾਂ ਸਬੰਧੀ ਪ੍ਰੈਜ਼ਨਟੇਸ਼ਨ ਦਿੱਤੀ ਗਈ ਹੈ, ਇਸ ਨੂੰ ਜਲਦੀ ਹੀ ਅਮਲੀ ਜਾਮਾ ਪਹਿਨਾਇਆ ਜਾਵੇਗਾ।

ਮੀਟਿੰਗ ਵਿੱਚ ਏ.ਡੀ.ਸੀ. ਅਨੁਪ੍ਰਿਤਾ ਜੌਹਲ, ਸਿਵਲ ਸਰਜਨ ਡਾ. ਰਮਿੰਦਰ ਕੌਰ, ਡੀ.ਐਸ.ਪੀ. ਜਸਵਿੰਦਰ ਟਿਵਾਣਾ, ਡੀ.ਡੀ.ਪੀ.ਓ. ਅਮਨਦੀਪ ਕੌਰ, ਐਡਵੋਕੇਟ ਰਾਹੁਲ ਸੈਣੀ, ਜਸਬੀਰ ਗਾਂਧੀ, ਕਰਨਲ ਜੇ.ਵੀ ਸਿੰਘ, ਬਲਵਿੰਦਰ ਸੈਣੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here