ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਸੰਕੇਤਕ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪਹਿਲਕਦਮੀ

ਪਟਿਆਲਾ (ਦ ਸਟੈਲਰ ਨਿਊਜ਼): ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ‘ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ’ ਨੂੰ ਸਮਰਪਿਤ ਇਕ ਨਿਵੇਕਲੀ ਪਹਿਲਕਦਮੀ ਕੀਤੀ ਗਈ, ਜਿਸ ਤਹਿਤ ਦਿਵਿਆਂਗ ਵਿਅਕਤੀਆਂ ਨੂੰ ਆਧੁਨਿਕ ਸਿੱਖਿਆ ਦੇ ਹਾਣੀ ਬਣਾਉਣ ਲਈ ਯੂਨੀਵਰਸਿਟੀ ਨੇ ਪੰਜਾਬ ਭਰ ਦੇ ਸੁਣਨ ਅਤੇ ਬੋਲਣ ਤੋਂ ਅਸਮਰਥ  ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਕੇਤਕ ਭਾਸ਼ਾ ਸਿਖਾਉਣ ਲਈ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਮੁਫ਼ਤ ਪ੍ਰਸਾਰਣ ਲਈ ਈ-ਕਿਤਾਬਾਂ ਅਤੇ ਵੀਡੀਓਜ਼ ਉਪਲਬਧ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਯੂਨੀਵਰਸਿਟੀ ਨੂੰ ਇਹ ਸਾਰਾ ਡਾਟਾ ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈਫ, ਪਿੰਗਲਵਾੜਾ, ਅੰਮ੍ਰਿਤਸਰ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ। ਪੰਜ ਹਜ਼ਾਰ ਦੇ ਕਰੀਬ  ਵੀਡੀਓਜ਼ ਜਲਦੀ ਹੀ ਸਾਰੇ ਸੁਣਨ ਅਤੇ ਬੋਲਣ ਤੋਂ ਅਸਮਰਥ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਲਈ ਯੂਨੀਵਰਸਿਟੀ ਦੀ ਵੈੱਬਸਾਈਟ ਉੱਪਰ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।

Advertisements


ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. (ਡਾ.) ਕਰਮਜੀਤ ਸਿੰਘ ਨੇ ਦੱਸਿਆ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਇਹ ਪਹਿਲਕਦਮੀ ਗੁਰੂ ਸਾਹਿਬਾਨ ਦੇ ਦੱਸੇ ਹੋਏ ਮਾਰਗ ‘ਸਰਬੱਤ ਦਾ ਭਲਾ’ ਦੀ ਭਾਵਨਾ ਨੂੰ  ਸਮਰਪਿਤ  ਹੈ। ਇਸ ਯੂਨੀਵਰਸਿਟੀ ਰਾਹੀਂ ਅਸੀਂ ਸਿੱਖਿਆ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਯਤਨ ਕਰ ਰਹੇ ਹਾਂ ਜੋ ਸਮਾਂ, ਸਥਾਨ, ਪੈਸੇ ਜਾਂ ਕਿਸੇ ਦਿਵਿਆਂਗਤਾਂ ਕਾਰਨ ਹੋ ਸਕਦੀਆਂ ਹਨ। ਅਸੀਂ ਪੰਜਾਬ ਦੇ ਸਾਰੇ ਦਿਵਯਾਂਗਜਨਾਂ ਲਈ ਉੱਚ ਵਿੱਦਿਅਕ ਸਿੱਖਿਆ ਦੇ ਮੌਕੇ ਲਿਆਉਣਾ ਚਾਹੁੰਦੇ ਹਾਂ। ਯੂਨੀਵਰਸਿਟੀ ਵੱਲੋਂ ਇਹ ਵਿਸ਼ੇਸ਼ ਪਹਿਲਕਦਮੀ ਆਪਣੇ ਪਹਿਲੇ ਯਤਨਾਂ ਦੀ ਨਿਰੰਤਰਤਾ ਵਿੱਚ ਹੈ ਜਿੱਥੇ ਯੂਨੀਵਰਸਿਟੀ ਪਹਿਲਾਂ ਹੀ ਪੰਜਾਬ ਦੇ ਸਾਰੇ ਵੱਖ-ਵੱਖ ਯੋਗਤਾ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇਹ ਸਮਝੌਤਾ ਐਨ.ਈ.ਪੀ., 2020 ਦੁਆਰਾ ਕਲਪਿਤ ਪੰਜਾਬ ਵਿੱਚ ਉੱਚ ਸਿੱਖਿਆ ਪੱਧਰ ‘ਤੇ ਕੁੱਲ ਦਾਖਲਾ ਅਨੁਪਾਤ 50 ਪ੍ਰਤੀਸ਼ਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਪਰਪੱਕ ਕਰਦਾ ਹੋਇਆ ਇੱਕ ਮਹੱਤਵਪੂਰਨ ਕਦਮ ਹੈ।

LEAVE A REPLY

Please enter your comment!
Please enter your name here