ਆਮ ਆਦਮੀ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਸਤੀਆਂ ਤੇ ਮਿਆਰੀ ਸਿਹਤ ਸੇਵਾਵਾਂ ਦੇਣਾ ਪੰਜਾਬ ਸਰਕਾਰ ਦਾ ਮੁੱਖ ਏਜੰਡਾ: ਚੇਅਰਮੈਨ ਬਹਿਲ

ਗੁਰਦਾਸਪੁਰ (ਦ ਸਟੈਲਰ ਨਿਊਜ਼): ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸਿਹਤ ਅਧਿਕਾਰੀਆਂ ਨੂੰ ਤਾਕੀਦ ਕੀਤੀ ਹੈ ਕਿ ਉੁਹ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਦਾ ਪੂਰਾ ਖਿਆਲ ਰੱਖਦੇ ਹੋਏ ਉਨ੍ਹਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ। ਉਨ੍ਹਾਂ ਕਿਹਾ ਕਿ ਹਰ ਆਮ ਆਦਮੀ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਸਤੀਆਂ ਤੇ ਮਿਆਰੀ ਸਿਹਤ ਸੇਵਾਵਾਂ ਦੇਣਾ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਹੈ ਅਤੇ ਰਾਜ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਚੇਅਰਮੈਨ ਸ੍ਰੀ ਰਮਨ ਬਹਿਲ ਅੱਜ ਸਿਵਲ ਹਸਪਤਾਲ, ਬੱਬਰੀ (ਗੁਰਦਾਸਪੁਰ) ਵਿਖੇ ਸਿਹਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਅਤੇ ਡਾਕਟਰਾਂ ਵੱਲੋਂ ਹਰ ਮਰੀਜ਼ ਨੂੰ ਦਵਾਈਆਂ ਹਸਪਤਾਲਾਂ ਵਿਚੋਂ ਹੀ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਬਾਹਰ ਤੋਂ ਟੈਸਟ ਕਰਾਉਣ ਲਈ ਬਿਲਕੁਲ ਨਾ ਕਿਹਾ ਜਾਵੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਹੀ ਸਾਰੇ ਟੈਸਟ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਹਸਪਤਾਲਾਂ ਵਿੱਚ ਇਲਾਜ ਲਈ ਜੋ ਆਧੁਨਿਕ ਮਸ਼ੀਨਰੀ ਚਾਹੀਦੀ ਹੈ ਉਸਦੀ ਡਿਮਾਂਡ ਸਰਕਾਰ ਨੂੰ ਭੇਜੀ ਜਾਵੇ ਤਾਂ ਜੋ ਉਸ ਮਸ਼ੀਨਰੀ ਨੂੰ ਉਪਲੱਬਧ ਕਰਵਾਇਆ ਜਾ ਸਕੇ।

Advertisements

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਲੈਪਰੋਸਕੋਪੀ (ਦੂਰਬੀਨ), ਆਰਥੋਸਕੋਪੀ, ਸੀ.ਟੀ ਸਕੈਨ, ਆਧੁਨਿਕ ਲੈਬ ਅਤੇ ਅਲਟਰਾਸਾਊਂਡ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਮਰੀਜ਼ਾਂ ਇਥੋਂ ਆਪਣਾ ਇਲਾਜ ਕਰਵਾ ਸਕਣ। ਉਨ੍ਹਾਂ ਕਿਹਾ ਕਿ ਸਾਰੇ ਡਾਕਟਰ ਅਤੇ ਹੋਰ ਸਿਹਤ ਅਮਲਾ ਆਪਣੇ ਡਾਕਟਰੀ ਪੇਸ਼ੇ ਦੀਆਂ ਮਹਾਨ ਰਿਵਾਇਤਾਂ ਅਨੁਸਾਰ ਸੇਵਾ ਭਾਵਨਾ ਨਾਲ ਮਰੀਜ਼ਾਂ ਦਾ ਇਲਾਜ ਕਰਨ। ਮੀਟਿੰਗ ਦੌਰਾਨ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਅਤੇ ਸਿਹਤ ਸੇਵਾਵਾਂ ਦਾ ਘੇਰਾ ਹੋਰ ਵਿਸ਼ਾਲ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਬਣਾਉਣ ਦੇ ਨਾਲ ਬਾਕੀ ਸਿਹਤ ਸੰਸਥਾਵਾਂ ਦੀ ਕਾਇਆ ਕਲਪ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਸਿਹਤ ਵਿਭਾਗ ਗੁਰਦਾਸਪੁਰ ਦੀ ਪ੍ਰਗਤੀ ਰਿਪੋਰਟ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਜ਼ਿਲ੍ਹੇ ਦੇ ਹੋਰ ਸਿਹਤ ਅਧਿਕਾਰੀ, ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੇ ਮੈਂਬਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here