‘ਅਜ਼ਾਦੀ ਸੇ ਅੰਤੋਦਿਆ ਤੱਕ’ ਮੁਹਿੰਮ ਵਿੱਚ ਜ਼ਿਲ੍ਹਾ ਗੁਰਦਾਸਪੁਰ ਨੇ 100 ਫੀਸਦੀ ਟੀਚਾ ਕੀਤਾ ਪੂਰਾ

ਗੁਰਦਾਸਪੁਰ (ਦ ਸਟੈਲਰ ਨਿਊਜ਼): ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਅੱਜ ਜ਼ਿਲ੍ਹਾ ਗੁਰਦਾਸਪੁਰ ਲਈ ਉਸ ਸਮੇਂ ਬੜੇ ਮਾਣ ਦੇ ਪਲ ਸਨ ਜਦੋਂ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਏ.ਡੀ.ਸੀ. (ਆਰ.ਡੀ) ਸ੍ਰੀਮਤੀ ਪਰਮਜੀਤ ਕੌਰ ਅਤੇ ਏ.ਡੀ.ਸੀ (ਯੂ.ਡੀ) ਸ੍ਰੀਮਤੀ ਅਮਨਦੀਪ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਵੱਲੋਂ ‘ਅਜ਼ਾਦੀ ਸੇ ਅੰਤੋਦਿਯਾ ਤੱਕ’ ਮੁਹਿੰਮ ਵਿੱਚ ਦੇਸ਼ ਭਰ ’ਚੋਂ ਦੂਸਰਾ ਸਥਾਨ ਹਾਸਲ ਕਰਨ ’ਤੇ ਮਿਲਿਆ ਹੈ।

Advertisements

ਭਾਰਤ ਸਰਕਾਰ ਵੱਲੋਂ ਅਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਦੇਸ਼ ਦੇ 27 ਰਾਜਾਂ ਅਤੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਦੇ 75 ਜ਼ਿਲ੍ਹਿਆਂ ਵਿੱਚ 28 ਅਪ੍ਰੈਲ 2022 ਤੋਂ 15 ਅਗਸਤ 2022 ਤੱਕ ‘ਅਜ਼ਾਦੀ ਸੇ ਅੰਤੋਦਿਆ ਤੱਕ’ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਭਾਰਤ ਸਰਕਾਰ ਦੇ 9 ਮੰਤਰਾਲਿਆਂ ਦੀਆਂ 17 ਵੱਖ-ਵੱਖ ਭਲਾਈ ਸਕੀਮਾਂ ਨੂੰ ਜ਼ਿਲ੍ਹੇ ਵਿੱਚ ਹੇਠਲੇ ਪੱਧਰ ਤੱਕ ਲਾਗੂ ਕਰਨਾ ਸੀ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ‘ਅਜ਼ਾਦੀ ਸੇ ਅੰਤੋਦਿਆ ਤੱਕ’ ਮੁਹਿੰਮ ਤਹਿਤ 100 ਫੀਸਦੀ ਟੀਚਾ ਪ੍ਰਾਪਤ ਕਰਕੇ ਮਿਸਾਲੀ ਕੰਮ ਕੀਤਾ ਹੈ। ਜ਼ਿਲ੍ਹਾ ਗੁਰਦਾਸਪੁਰ ਵੱਲੋਂ 93.10 ਫੀਸਦੀ ਅੰਕ ਹਾਸਲ ਕਰਨ ਸਦਕਾ ਜ਼ਿਲ੍ਹੇ ਨੂੰ ਦੇਸ਼ ਭਰ ਵਿਚੋਂ ਦੂਜਾ ਸਥਾਨ ਹਾਸਲ ਹੋਇਆ।

ਅੱਜ ਨਵੀਂ ਦਿੱਲੀ ਵਿਖੇ ਪੇਂਡੂ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੇਂਡੂ ਵਿਕਾਸ ਮੰਤਰਾਲੇ ਦੇ ਸਕੱਤਰ ਸ੍ਰੀ ਨਗਿੰਦਰਾ ਨਾਥ ਸਿਨਹਾ ਅਤੇ ਹੋਰ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਏ.ਡੀ.ਸੀ. (ਆਰ.ਡੀ) ਸ੍ਰੀਮਤੀ ਪਰਮਜੀਤ ਕੌਰ ਅਤੇ ਏ.ਡੀ.ਸੀ (ਯੂ.ਡੀ) ਸ੍ਰੀਮਤੀ ਅਮਨਦੀਪ ਕੌਰ ਨੂੰ ਸਨਮਾਨਤ ਕੀਤਾ ਗਿਆ।

LEAVE A REPLY

Please enter your comment!
Please enter your name here