ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਨਿਕਲੀ ਵਿਸ਼ਾਲ ਸਾਈਕਲ ਰੈਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਮੌਕੇ ਉਲੀਕੇ ਪ੍ਰੋਗਰਾਮਾਂ ਤਹਿਤ ਅੱਜ ਯੁਵਕ ਸੇਵਾਵਾਂ ਵਿਭਾਗ, ਖੇਡ ਵਿਭਾਗ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਲੋਂ ਮੈਗਾ ਸਾਈਕਲ ਰੈਲੀ ਕੱਢੀ ਗਈ। ਇਹ ਸਾਈਕਲ ਰੈਲੀ ਪ੍ਰਭਾਤ ਚੌਕ, ਸਰਕਾਰੀ ਹਸਪਤਾਲ, ਫਗਵਾੜਾ ਚੌਕ, ਸੈਸ਼ਨ ਚੌਕ ਤੋਂ ਹੁੰਦੀ ਹੋਈ ਸਰਕਾਰੀ ਕਾਲਜ ਵਿਖੇ ਸਮਾਪਤ ਹੋਈ। ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਮੈਡਮ ਯੋਗੇਸ਼ ਵਲੋਂ ਕੀਤਾ ਗਿਆ।

Advertisements


ਇਸ ਮੌਕੇ ਬੋਲਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ਼੍ਰੀ ਪ੍ਰੀਤ ਕੋਹਲੀ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਸਾਡੇ ਲਈ ਵੱਡਮੁਲਾ ਸਰਮਾਇਆ ਹਨ। ਸਾਨੂੰ ਚਾਹੀਦਾ ਹੈ ਕਿ ਸ. ਭਗਤ ਸਿੰਘ ਸੁਪਨਿਆਂ ਦੇ ਭਾਰਤ ਨੂੰ ਸਿਰਜਣ ਲਈ ਯੁਵਾ ਵਰਗ ਨੂੰ ਉਨ੍ਹਾਂ ਦੀ ਸੋਚ ਦਾ ਹਾਣੀ ਬਣਾਈਏ। ਯੁਵਾ ਵਰਗ ਨੂੰ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਈਏ, ਤਾਂ ਜੋ ਇਹ ਦੇਸ਼ ਦੇ ਅਮੀਰ ਇਤਿਹਾਸ ਨੂੰ ਆਉਣ ਵਾਲੀ ਪੀੜ੍ਹੀ ਸਦੀਆ ਤੱਕ ਯਾਦ ਰੱਖੇ। ਇਸ ਮੈਗਾ ਰੈਲੀ ਨੂੰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਸ਼੍ਰੀ ਰਮੇਸ਼ ਚੰਦ ਅਤੇ ਸ਼੍ਰੀਮਤੀ ਸੁਦੇਸ਼ ਪਿੰਡ ਜਨੌੜੀ ਅਤੇ ਕੁਲਵੰਤ ਸਿੰਘ ਵਾਸੀ ਹੁਸ਼ਿਆਰਪੁਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰੈਲੀ ਦੌਰਾਨ ਐਨ.ਐਸ.ਐਸ. ਵਲੰਟੀਅਰ,ਰੈਡ ਰਿਬਨ ਕਲੱਬਾਂ ਦੇ ਵਲੰਟੀਅਰ, ਐਨ.ਸੀ.ਸੀ. ਕੈਡਿਟ, ਖੇਡ ਵਿਭਾਗ ਦੇ ਖਿਡਾਰੀਆਂ ਵਿਚ ਜਬਰਦਸਤ ਜੋਸ਼ ਦੇਖਣ ਨੂੰ ਮਿਲਿਆ।

ਪੂਰੇ ਰਸਤੇ ਦੌਰਾਨ ਸ. ਭਗਤ ਸਿੰਘ ਦੀ ਸੋਚ ਨਾਲ ਸਬੰਧਤ ਨਾਅਰਿਆਂ ਨਾਲ ਜੋਸ਼ ਭਰਨ ਵਾਲੇ ਵਲੰਟੀਅਰਾਂ ਦੀ ਗਿਣਤੀ ਅਥਾਹ ਸੀ। ਸਾਰੇ ਰਸਤਿਆਂ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਟ੍ਰੈਫਿਕ ਲਈ ਯੋਗ ਪ੍ਰਬੰਧ ਕੀਤੇ ਗਏ। ਯੁਵਕ ਸੇਵਾਵਾਂ ਵਿਭਾਗ ਅਤੇ ਖੇਡ ਵਿਭਾਗ ਵਲੋਂ ਸਮੂਹ ਰੈਲੀ ਦੇ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖਿਡਾਰੀ ਆਪਣੇ ਕੋਚ ਹਰਜੰਗ ਸਿੰਘ ਬਾਕਸਿੰਗ ਕੋਚ, ਬਲਬੀਰ ਸਿੰਘ ਅਥਲੈਟਿਕਸ ਕੋਚ ਅਤੇ ਨੀਤਿਸ਼ ਠਾਕੁਰ ਸਵੀਮਿੰਗ ਕੋਚ ਸਮੇਤ ਹਾਜ਼ਰ ਸਨ। ਸਰਕਾਰੀ ਕਾਲਜ ਤੋਂ ਰੈਡ ਰਿਬਨ ਇੰਚਾਰਜ ਵਿਜੇ ਕੁਮਾਰ, ਰਣਜੀਤ ਕੁਮਾਰ, ਕੁਲਵਿੰਦਰ ਕੌਰ ਅਤੇ ਭਾਗਿਆ ਸ਼੍ਰੀ ਵੀ ਹਾਜ਼ਰ ਸਨ। ਉਪਰੋਕਤ ਰੈਲੀ ਤੋਂ ਇਲਾਵਾ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ 17 ਰੈਡ ਰਿਬਨ ਕਲੱਬਾਂ ਅਤੇ 19 ਐਨ.ਐਸ.ਐਸ. ਯੂਨਿਟਾਂ ਵਲੋਂ ਆਪਣੀਆਂ-ਆਪਣੀਆਂ ਸੰਸਥਾਵਾਂ ਵਿਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਵਸ ਸਬੰਧੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ।

LEAVE A REPLY

Please enter your comment!
Please enter your name here