ਪਿੰਡ ਵਿਰਕ ਤੇ ਬਾਂਗੋਵਾਣੀ ਵਿਖੇ ਪਾਣੀ ਅਤੇ ਪਰਾਲੀ ਦੀ ਸੁਚੱਜੀ ਵਰਤੋਂ ਲਈ ਜਾਗਰਕਤਾ ਕੈਂਪ ਲਗਾਇਆ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵੱਲੋਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਸਕੀਮ ਅਧੀਨ ਅੱਜ ਪਿੰਡ ਵਿਰਕ, ਬਾਂਗੋਵਾਣੀ ਵਿਖੇ ਪਾਣੀ ਅਤੇ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਪਿੰਡ ਵਿਰਕ ਵਿਖੇ ਨਾਲ ਲਗਦੇ ਪਿੰਡਾਂ ਦੇ 100 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਡਾ. ਜਗਦੀਸ਼ ਸਿੰਘ, ਭੂਮੀ ਵਿਗਿਆਨੀ ਨੇ ਹਾਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਸੁਹਿਰਦ ਉਪਰਾਲੇ ਕਰਨ ਦੀ ਲੋੜ ਹੈ। ਓਹਨਾਂ ਕਿਹਾ ਕਿ ਪਾਣੀ ਦੀ ਘੱਟ ਲਾਗਤ ਵਾਲੀਆਂ ਫਸਲਾਂ ਦੀ ਕਾਸ਼ਤ ਨਾਲ-ਨਾਲ ਪਾਣੀ ਬਚਾਉਣ ਦੇ ਉੱਨਤ ਢੰਗ ਵੀ ਅਪਣਾਏ ਜਾਣ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

Advertisements

ਡਾ ਹਰਪ੍ਰੀਤ ਸਿੰਘ ਫ਼ਸਲ ਵਿਗਿਆਨੀ ਨੇ ਕਣਕ ਅਤੇ ਗੰਨੇ ਦੀ ਸਫਲ ਕਾਸ਼ਤ ਲਈ ਬੀਜ ਦੀ ਕਿਸਮਾਂ, ਬਿਜਾਈ ਦੇ ਢੰਗਤਰੀਕੇ ਅਤੇ ਨਦੀਨਨਾਸ਼ਕ ਜ਼ਹਿਰਾਂ ਦੀ ਵਰਤੋਂ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ। ਡਾ. ਵਿਵੇਕ ਪਾਂਡੇ, ਸਬਜ਼ੀ ਵਿਗਿਆਨ ਨੇ ਕਿਸਾਨਾਂ ਨੂੰ ਬਾਸਮਤੀ, ਗੰਨੇ ਅਤੇ ਹੋਰ ਫਸਲਾਂ ਦੇ ਨਾਲ-ਨਾਲ ਸਬਜ਼ੀਆਂ ਦੀ ਕਾਸ਼ਤ ਕਰਨ ਸਬੰਧੀ ਜਾਣਕਾਰੀ ਦਿੱਤੀ। ਓਹਨਾਂ ਨੇ ਕਿਸਾਨਾਂ ਨੂੰ ਸਬਜ਼ੀਆਂ ਦੀ ਘਰੇਲੂ ਬਗੀਚੀ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਗੈਰ ਜਰੂਰੀ ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ।

ਡਾ. ਆਰ.ਐੱਸ.  ਛੀਨਾ, ਖੇਤੀ ਇੰਜੀਨਿਅਰ ਨੇ ਕਿਸਾਨਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਆਪਣੇ ਖੇਤਾਂ ਨੂੰ ਕੰਪਿਊਟਰ ਕੜਾਹੇ ਨਾਲ ਪੱਧਰਾ ਕਰਨ ਦੀ ਅਪੀਲ ਕੀਤੀ ਅਤੇ ਵਾਤਾਵਰਨ ਦੀ ਸੰਭਾਲ ਲਈ ਝੋਨੇ ਦੀ ਪਰਾਲੀ ਜਮੀਨ ਵਿੱਚ ਹੀ ਗਾਲਣ ਲਈ ਨਵੀ ਤਕਨੀਕਾਂ ਜਿਵੇਂ ਹੈਪੀ ਸੀਡਰ, ਸੁਪਰ ਸੀਡਰ ਅਤੇ ਪੀ.ਏ.ਯੂ. ਸਮਾਟ ਸੀਡਰ ਅਪਨਾਉਣ ਲਈ ਕਿਹਾ। ਇਹਨਾਂ ਤਕਨੀਕਾਂ ਨਾਲ ਦਰਪੇਸ਼ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਸਬੰਧੀ ਵੀ ਕਿਸਾਨਾਂ ਨਾਲ ਵਿਚਾਰ ਚਰਚਾ ਕੀਤੀ ਗਈ। ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਦੇ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿਲੋਂ ਨੇ ਬਦਲਦੇ ਮੌਸਮ ਕਾਰਨ ਖੇਤੀਬਾੜੀ ਵਿਚ ਆਉਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਖੇਤਰੀ ਖੋਜ ਕੇਂਦਰ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਪੈਦਾਵਾਰ ਅਤੇ ਗੁਣਵੱਤਾ ਵਧਾਉਣ ਲਈ ਖਾਦਾਂ, ਨਦੀਨ-ਨਾਸ਼ਕਾਂ ਅਤੇ ਕੀਟ-ਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨ ’ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਅਤੇ ਖੇਤੀ ਉਤਪਾਦ ਜਿਵੇਂ ਕਿ ਗੁੜ-ਸ਼ੱਕਰ, ਆਟਾ, ਬਿਸਕੁਟ, ਅਚਾਰ, ਮੁਰੱਬੇ ਆਦਿ ਬਣਾ ਕੇ ਵਧੇਰੇ ਆਮਦਨ ਪ੍ਰਾਪਤ ਕਰਨ ਲਈ ਉਤਸਾਹਿਤ ਕੀਤਾ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਪੁਸਤਕਾਂ ਅਤੇ ਸਬਜ਼ੀਆਂ ਦੀ ਘਰੇਲੂ ਬਗੀਚੀ ਲਈ ਬੀਜ ਕਿੱਟਾਂ ਵੀ ਕਿਸਾਨਾਂ ਨੂੰ ਦਿੱਤੀਆਂ ਗਈਆਂ।    

LEAVE A REPLY

Please enter your comment!
Please enter your name here