ਕੈਬਨਿਟ ਮੰਤਰੀ ਪੰਜਾਬ ਸ੍ਰ. ਫੌਜਾ ਸਿੰਘ ਸਰਾਰੀ  ਨੇ ਗੁਰੂਹਰਸਹਾਏ ਹਲਕੇ ਦੇ 15 ਸਰਕਾਰੀ ਸਕੂਲਾਂ ਨੂੰ 45 ਲੱਖ ਰੁਪਏ ਦੀ ਰਾਸ਼ੀ ਕੀਤੀ ਤਕਸੀਮ

ਫਿਰੋਜ਼ਪੁਰ, (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਨਾਬਾਰਡ ਪ੍ਰਜੈਕਟ ਅਧੀਨ ਹਲਕਾ ਗੁਰੂਹਰਸਹਾਏ ਅਧੀਨ ਪੈਂਦੇ  15 ਸਰਕਾਰੀ ਸਕੂਲਾਂ ਦੇ ਕਲਾਸ ਰੂਮਾਂ ਦੀ ਉਸਾਰੀ ਦੇ ਕੰਮ ਲਈ 1 ਕਰੋੜ 12 ਲੱਖ 65 ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਹੋਈ। ਇਸ ਗ੍ਰਾਂਟ ਦੀ ਪਹਿਲੀ ਕਿਸ਼ਤ ਵੰਡਣ ਦੀ ਸ਼ੁਰੂਆਤ ਸੁਤੰਤਰਤਾ ਸੰਗਰਾਮੀ, ਰੱਖਿਆ ਸੇਵਾਵਾਂ ਭਲਾਈ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਵਿਭਾਗ ਦੇ ਮੰਤਰੀ ਸ੍ਰ. ਫੌਜਾ ਸਿੰਘ ਸਰਾਰੀ ਵੱਲੋਂ ਇਨ੍ਹਾਂ 15 ਸਰਕਾਰੀ ਸਕੂਲਾਂ ਨੂੰ 45 ਲੱਖ ਰੁਪਏ ਦੀ ਰਾਸ਼ੀ ਵੰਡ ਕੇ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮੈਡਮ ਅੰਮ੍ਰਿਤ ਸਿੰਘ ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ. ਅਰੁਣ ਕੁਮਾਰ, ਐੱਸ.ਡੀ.ਐੱਮ. ਫਿਰੋਜ਼ਪੁਰ ਸ੍ਰ. ਰਣਜੀਤ ਸਿੰਘ ਭੁੱਲਰ ਅਤੇ ਐੱਸ.ਡੀ.ਐੱਮ ਗੁਰੂਹਰਸਹਾਏ ਸ੍ਰ. ਗਗਨਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸ੍ਰ. ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਬਾਰਡ ਪ੍ਰਜੈਕਟ ਅਧੀਨ ਫਿਰੋਜ਼ਪੁਰ ਜ਼ਿਲ੍ਹੇ ਦੇ 58 ਸਰਕਾਰੀ ਸਕੂਲਾਂ ਵਿੱਚ 58 ਕਲਾਸ ਰੂਮਾਂ ਦੀ ਉਸਾਰੀ ਦੇ ਕੰਮ ਲਈ 4 ਕਰੋੜ 35 ਲੱਖ 58 ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਹੋਈ, ਜਿਸ ਵਿੱਚੋਂ ਜ਼ਿਲ੍ਹੇ ਨੂੰ ਬਤੌਰ ਪਹਿਲੀ ਕਿਸ਼ਤ 1 ਕਰੋੜ 74 ਲੱਖ ਰੁਪਏ ਦੀ ਰਾਸ਼ੀ ( 3 ਲੱਖ ਪ੍ਰਤੀ ਕਲਾਸ ਰੂਮ) ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਕੇਂਦਰ ਸਰਕਾਰ ਵੱਲੋਂ ਐਸਪੀਰੇਸ਼ਨਲ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਹੈ। ਜਿਸ ਦੇ ਤਹਿਤ ਜ਼ਿਲ੍ਹੇ ਨੂੰ ਐਵਾਰਡ ਮਨੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਸਿੱਖਿਆ ਵਿਭਾਗ ਫਿਰੋਜ਼ਪੁਰ ਵੱਲੋਂ 183 ਸਕੂਲਾਂ ਵਿੱਚ ਸੋਲਰ ਸਿਸਟਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ 269 ਸਕੂਲਾਂ ਵਿੱਚ ਇਨਟਰੈਕਟਿਵ ਫਲੈਟ ਪੈਨਲ ਸਕਰੀਨ ਲਗਵਾਏ ਜਾ ਰਹੇ ਹਨ ਜਿਸ ਦੇ ਰਾਹੀਂ ਇਨ੍ਹਾਂ ਸਕੂਲਾਂ ਦੇ ਬੱਚੇ ਔਖੇ ਵਿਸ਼ੇ ਸੌਖੇ ਢੰਗ ਨਾਲ ਪੜ੍ਹ ਸਕਣਗੇ।
ਇਸ ਉਪਰੰਤ ਕੈਬਨਿਟ ਮੰਤਰੀ ਸ੍ਰ. ਫੌਜਾ ਸਿੰਘ ਸਰਾਰੀ ਨੇ ਗੁਰੂਹਰਸਹਾਏ ਹਲਕੇ ਨਾਲ ਸਬੰਧਿਤ ਵੱਖ-ਵੱਖ ਵਿਕਾਸ ਪ੍ਰਾਜੈਕਟਾਂ/ਯੋਜਨਾਵਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕ ਭਲਾਈ ਯੋਜਨਾਵਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਨੂੰ ਵੀ ਸਰਕਾਰੀ ਸੇਵਾ ਦਾ ਲਾਭ ਲੈਣ ਵਿੱਚ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਇਸ ਮੌਕੇ ਹਲਕੇ ਵਿੱਚ ਚੱਲ ਰਹੀਆਂ ਪੇਂਡੂ ਵਿਕਾਸ, ਮਗਨਰੇਗਾ, ਲਿੰਕ ਸੜਕਾਂ, ਸਿੰਚਾਈ, ਨਹਿਰਾਂ ਦੀ ਸਫਾਈ ਆਦਿ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਕਣਕ ਤੇ ਝੋਨੇ ਦੇ ਫਸਲੀ ਚੱਕ ਵਿੱਚੋਂ ਕੱਢ ਕੇ ਸਬਜ਼ੀਆਂ ਦੀ ਕਾਸ਼ਤ ਤੇ ਹੋਰ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨ ਤਾਂ ਜੋ ਧਰਤੀ ਹੇਠਲੇ ਕੁਦਰਤੀ ਸੋਮੇ ਪਾਣੀ ਦੀ ਸੰਭਾਲ ਹੋ ਸਕੇ ਅਤੇ ਵਾਤਾਵਾਰਨ ਦੀ ਵੀ ਸੰਭਾਲ ਹੋ ਸਕੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੀਵ ਛਾਬੜਾ, ਡਿਪਟੀ ਡੀਈਓ ਸੈਕੰਡਰੀ ਕੋਮਲ ਅਰੋੜਾ, ਡਿਪਟੀ ਡੀ.ਈ.ਓ. ਐਲੀਮੈਂਟਰੀ ਸੁਖਵਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲ ਮੁਖੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here