ਇਫਕੋ ਵੱਲੋਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਨੈਨੋ ਯੂਰੀਆ ਦੀ ਵਰਤੋਂ ਬਾਰੇ ਸੈਮੀਨਾਰ ਕਰਵਾਇਆ ਗਿਆ

ਫਿਰੋਜ਼ਪੁਰ, (ਦ ਸਟੈਲਰ ਨਿਊਜ਼): ਸਹਿਕਾਰੀ ਸੰਸਥਾ ਇਫਕੋ ਵੱਲੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਹਾੜੀ ਦੀਆਂ ਫ਼ਸਲਾਂ ਵਿੱਚ ਇਫਕੋ ਨੈਨੋ ਯੂਰੀਆ ਦੀ ਵਰਤੋਂ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਪਿੰਡ ਨੂਰਪੁਰ ਸੇਠਾ ਵਿੱਚ ਸੈਮੀਨਾਰ ਕਰਵਾਇਆ ਗਿਆ।  ਇਸ ਮੌਕੇ ਇਫਕੋ ਦੇ ਸਟੇਟ ਮਾਰਕੀਟਿੰਗ ਮੈਨੇਜਰ ਹਰਮੇਲ ਸਿੰਘ ਸਿੱਧੂ, ਫ਼ਿਰੋਜ਼ਪੁਰ ਦੇ ਬਲਾਕ ਖੇਤੀਬਾੜੀ ਅਫ਼ਸਰ ਨਵਤੇਜ ਸਿੰਘ ਜੋਸਨ, ਘੱਲ ਖੁਰਦ ਬਲਾਕ ਖੇਤੀਬਾੜੀ ਅਫ਼ਸਰ ਸੁਰਿੰਦਰਪਾਲ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਜੀ. ਐੱਸ. ਔਲਖ, ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾ: ਮੁਨੀਸ਼ ਕੁਮਾਰ, ਡਾ: ਆਨੰਦ ਗੌਤਮ, ਖੇਤੀਬਾੜੀ ਅਫ਼ਸਰ ਨੀਰਜ ਸ਼ਰਮਾ, ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਸਾਵਨਦੀਪ ਸ਼ਰਮਾ, ਗੁਰਦੇਵ ਸਿੰਘ ਸਿੱਧੂ ਪ੍ਰਧਾਨ ਸਹਿਕਾਰੀ ਕਰਮਚਾਰੀ ਯੂਨੀਅਨ ਪੰਜਾਬ, ਨੂਰਪੁਰ ਸੇਠਾ ਦੇ ਸਰਪੰਚ ਗੁਰਮੇਜ਼ ਸਿੰਘ, ਭਗਵਾਨ ਸਿੰਘ ਨੰਬਰਦਾਰ, ਸੁਖਦੇਵ ਰਾਜ ਪ੍ਰਧਾਨ ਸਹਿਕਾਰੀ ਸਭਾ ਨੂਰਪੁਰ ਸੇਠਾ, ਪਰਸ਼ੋਤਮ ਗਲਹੋਤਰਾ ਸਕੱਤਰ ਸਹਿਕਾਰੀ ਸਭਾ ਨੂਰਪੁਰ ਸੇਠਾ ਸਮੇਤ 100 ਤੋਂ ਵੱਧ ਕਿਸਾਨ ਹਾਜ਼ਰ ਸਨ। 

Advertisements

ਇਸ ਮੌਕੇ ਇਫਕੋ ਤੋਂ ਸ਼੍ਰੀ ਹਰਮੇਲ ਸਿੰਘ ਸਿੱਧੂ ਨੇ ਇਫਕੋ ਨੈਨੋ ਯੂਰੀਆ ਤਰਲ ਦੀ ਵਰਤੋਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਉਤਪਾਦ ਵਾਤਾਵਰਣ ਪੱਖੀ ਹੋਣ ਦੇ ਨਾਲ-ਨਾਲ ਕਿਸਾਨ ਪੱਖੀ ਵੀ ਹੈ, ਇਸ ਦੀ ਵਰਤੋਂ ਨਾਲ ਫਸਲਾਂ ਦੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ ਅਤੇ ਖੇਤੀ ਲਾਗਤਾਂ ਵਿੱਚ ਕਮੀ ਆਉਂਦੀ ਹੈ।  ਉਨ੍ਹਾਂ ਇਫਕੋ ਦੇ ਹੋਰ ਉਤਪਾਦਾਂ ਜਿਵੇਂ ਬਾਇਓ ਫਰਟੀਲਾਈਜ਼ਰ, ਸਾਗਰਿਕਾ, ਜ਼ਿੰਕ ਸਲਫੇਟ, ਸਲਫਰ ਆਦਿ ਦੀ ਵਰਤੋਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।  ਡਾ: ਨਵਤੇਜ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ‘ਤੇ ਦਿੱਤੇ ਜਾ ਰਹੇ ਕਣਕ ਦੇ ਬੀਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ |  ਡਾ: ਸੁਰਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੀ ਵਰਤੋਂ ਜ਼ਮੀਨ ਵਿੱਚ ਹੀ ਕਰਨ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਜਾ ਸਕੇ।  ਡਾ.ਜੀ.ਐਸ.ਔਲਖ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।  ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਜੋ ਇਸ ਦੇ ਜ਼ਹਿਰੀਲੇ ਧੂੰਏਂ ਨਾਲ ਬੱਚਿਆਂ ਅਤੇ ਬਜ਼ੁਰਗਾਂ ਦਾ ਕੋਈ ਨੁਕਸਾਨ ਨਾ ਹੋਵੇ।  ਗੁਰਦੇਵ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸਹਿਕਾਰੀ ਲਹਿਰ ਅਤੇ ਇਫਕੋ ਦੇ ਉਤਪਾਦ ਸਹਿਕਾਰੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਾਤਾਵਰਨ ਦੀ ਸੰਭਾਲ ਲਈ ਸਾਰਿਆਂ ਨੂੰ ਜ਼ਿੰਮੇਵਾਰੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।  ਭਗਵਾਨ ਸਿੰਘ ਨੰਬਰਦਾਰ ਨੇ ਇਫਕੋ ਨੂੰ ਆਪਣੇ ਪਿੰਡ ਨੂੰ ਗੋਦ ਲੈਣ ਦੀ ਅਪੀਲ ਕੀਤੀ ਤਾਂ ਜੋ ਇਸ ਦੇ ਸਰਬਪੱਖੀ ਵਿਕਾਸ ਵਿੱਚ ਮਦਦ ਮਿਲ ਸਕੇ।  ਅੰਤ ਵਿੱਚ ਸਰਪੰਚ ਸ਼੍ਰੀ ਗੁਰਮੇਜ ਸਿੰਘ ਨੇ ਸਮੂਹ ਕਿਸਾਨਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here