ਪੰਜਾਬ ਸਰਕਾਰ ਵੱਲੋਂ ਖਾਨਗੀ ਤਕਸੀਮ ਦਰਜ ਕਰਨ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ

ਜਲੰਧਰ, (ਦ ਸਟੈਲਰ ਨਿਊਜ਼): ਖਾਨਗੀ ਤਕਸੀਮ (ਜ਼ਮੀਨ-ਜਾਇਦਾਦ ਦੀ ਵੰਡ) ਨੂੰ ਦਰਜ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਤੇ ਸੁਚਾਰੂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ’ਤੇ ਲੋਕ ਇਕ ਕਲਿੱਕ ਰਾਹੀਂ ਖਾਨਗੀ ਤਕਸੀਮ ਸਬੰਧੀ ਅਰਜ਼ੀਆਂ ਅਪਲੋਡ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਮਾਲਕ ਆਪਣੀ ਖਾਨਗੀ ਤਕਸੀਮ ਸਬੰਧੀ ਅਰਜ਼ੀ https://eservices.punjab.gov.in ’ਤੇ ਦਰਜ ਕਰ ਸਕਦੇ ਹਨ ਅਤੇ ਆਪਣੀ ਅਰਜ਼ੀ ਦੀ ਸਥਿਤੀ ਵੀ ਚੈਕ ਸਕਦੇ ਹਨ। ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਕ੍ਰਾਂਤੀਕਾਰੀ ਕਦਮ ਕਰਾਰ ਦਿੰਦਿਆਂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਨਾਗਰਿਕ ਇਸ ਵੈੱਬਸਾਈਟ ’ਤੇ ਆਪਣਾ ਨਾਮ, ਪਿਤਾ/ਪਤੀ ਦਾ ਨਾਮ, ਪਿੰਡ ਦਾ ਨਾਮ, ਸਬ-ਤਹਿਸੀਲ/ਤਹਿਸੀਲ, ਜ਼ਿਲ੍ਹਾ, ਖਾਤਾ ਅਤੇ ਖੇਵਟ ਨੰਬਰ ਦੇ ਵੇਰਵਿਆਂ ਸਮੇਤ ਅਰਜ਼ੀ ਦੇ ਕੇ ਅਪਲਾਈ ਕਰ ਸਕਦੇ ਹਨ।

Advertisements

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਿਨੈਕਾਰ ਨੂੰ ਜ਼ਮੀਨ ਦੇ ਸਾਰੇ ਹਿੱਸੇਦਾਰਾਂ ਵੱਲੋਂ ਦਸਤਖ਼ਤ ਕੀਤਾ ਪ੍ਰਸਤਾਵਿਤ ਵੰਡ ਦਾ ਇਕ ਮੈਮੋਰੰਡਮ ਅਤੇ ਜ਼ਮੀਨ ਦੀ ਵੰਡ ਨੂੰ ਦਰਸਾਉਂਦਾ ਫੀਲਡ ਮੈਪ ਵੀ ਅਪਲੋਡ ਕਰਨਾ ਹੋਵੇਗਾ। ਸਬੰਧਤ ਸਰਕਲ ਮਾਲ ਅਫ਼ਸਰ ਵੱਲੋਂ ਕਾਰਵਾਈ ਕਰਨ ਉਪਰੰਤ ਇਹ ਆਨਲਾਈਨ ਅਰਜ਼ੀਆਂ ਕਾਨੂੰਨਗੋ ਇੰਚਾਰਜ ਅਤੇ ਫਿਰ ਸਬੰਧਤ ਪਟਵਾਰੀ ਨੂੰ ਭੇਜੀਆਂ ਜਾਣਗੀਆਂ। ਮਾਲ ਰਿਕਾਰਡ ਨਾਲ ਮੈਮੋਰੰਡਮ ਦੇ ਸਾਰੇ ਤੱਥਾਂ ਦੀ ਤਸਦੀਕ ਕਰਨ ਤੋਂ ਬਾਅਦ, ਪਟਵਾਰੀ ਵੱਲੋਂ ਸਬੰਧਤ ਧਿਰਾਂ ਨੂੰ ਕਾਰਵਾਈ ਲਈ ਨਿੱਜੀ ਤੌਰ ’ਤੇ ਹਾਜ਼ਰ ਹੋਣ ਅਤੇ ਇੰਤਕਾਲ ਦੀ ਪ੍ਰਕਿਰਿਆ ਲਈ ਬੁਲਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇੰਤਕਾਲ ਦਰਜ ਕਰਨ ਤੋਂ ਬਾਅਦ ਸਬੰਧਤ ਪਟਵਾਰੀ ਵੱਲੋਂ ਇਸ ਨੂੰ ਤਸਦੀਕ ਲਈ ਕਾਨੂੰਨਗੋ ਪਾਸ ਪੇਸ਼ ਕੀਤਾ ਜਾਵੇਗਾ ਅਤੇ ਫਿਰ ਅੰਤਿਮ ਹੁਕਮਾਂ ਲਈ ਸਬੰਧਤ ਸੀ.ਆਰ.ਓ. (ਸਹਾਇਕ ਕੁਲੈਕਟਰ ਗ੍ਰੇਡ-2) ਅੱਗੇ ਪੇਸ਼ ਕੀਤਾ ਜਾਵੇਗਾ। ਇੰਤਕਾਲ ਦੀ ਤਸਦੀਕ ਕਰਨ ਤੋਂ ਬਾਅਦ ਹਰੇਕ ਅਰਜ਼ੀ ਸਬੰਧੀ ਪੋਰਟਲ ’ਤੇ ਸੰਖੇਪ ਆਰਡਰ ਦਰਜ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੀ ਇਹ ਨਾਗਰਿਕ ਕੇਂਦਰਿਤ ਪਹਿਲਕਦਮੀ ਨਿਸ਼ਾਨਦੇਹੀ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਵਿੱਚ ਅਹਿਮ ਸਾਬਤ ਹੋਵੇਗੀ ਅਤੇ ਇਸ ਨਾਲ ਵਿਵਾਦਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕੀਤਾ ਜਾ ਸਕੇਗਾ। ਇਸ ਸਦਕਾ ਸੁਖਾਲੇ ਢੰਗ ਨਾਲ ਜ਼ਮੀਨ ਦੀ ਖ਼ਰੀਦ-ਵੇਚ ਤੋਂ ਇਲਾਵਾ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਪ੍ਰਾਪਤ ਕਰਨ ਅਤੇ ਜਮ੍ਹਾਬੰਦੀ ਦੀ ਨਕਲ ਆਸਾਨੀ ਨਾਲ ਹਾਸਲ ਕਰਨ ਵਿੱਚ ਮਦਦ ਮਿਲੇਗੀ।

LEAVE A REPLY

Please enter your comment!
Please enter your name here