ਪਠਾਨਕੋਟ ਵਿੱਚ ਪੰਚਾਇਤੀ ਵਾਹੀਯੋਗ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਜਾਵੇਗੀ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼): ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਨੂੰ ਮੁੱਖ ਰੱਖਦਿਆਂ ਜ਼ਿਲਾ ਪਠਾਨਕੋਟ ਵਿੱਚ ਤਕਰੀਬਨ 2141 ਏਕੜ ਪੰਚਾਇਤੀ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਜਾਵੇਗੀ। ਇਹ ਪ੍ਰਗਟਾਵਾ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਇੱਕ ਬੈਠਕ ਦੋਰਾਨ ਕੀਤਾ।  ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ, ਸੁਮਿਤ ਮੂਧ ਐਸ.ਡੀ.ਐਮ. ਧਾਰਕਲ੍ਹਾ,  ਯੁਧਵੀਰ ਸਿੰਘ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਹਰਪ੍ਰੀਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਡਾ. ਪਿ੍ਰਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ,ਡਾ. ਸੁਖਪ੍ਰੀਤ ਸਿੰਘ ਡਿਪਟੀ ਪੀ ਡੀ ਆਤਮਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Advertisements

ਇਸ ਬਾਰੇ ਜਾਣਕਾਰੀ ਦਿੰਦਿਆਂ ਹਰਬੀਰ ਸਿੰਘ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼. ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੀਆਂ ਵਿਸ਼ੇਸ਼ ਹਦਾਇਤਾਂ ਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਪੱਧਰ ਤੇ ਜਾਗਰੁਕਤਾ ਕੈਂਪ 20 ਮਈ ਤੱਕ ਲਗਾਏ ਜਾ ਰਹੇ ਹਨ।ਉਨਾਂ ਦੱਸਿਆ ਕਿ 2141 ਏਕੜ  ਪੰਚਾਇਤੀ ਰਕਬੇ ਵਿੱਚ ਸਿੱਧੀ ਬਿਜਾਈ ਤਕਨੀਕ ਨਾਲ ਝੋਨੇ ਦੀ ਕਾਸ਼ਤ ਕਰਵਾਈ ਜਾਵੇਗੀ।ਉਨਾਂ ਦੱਸਿਆ ਕਿ ਝੋਨੇ ਦੀ ਫਸਲ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਅਤੇ ਆਲਮੀ ਤਪਸ਼ ਲਈ ਜਿੰਮੇਵਾਰ ਮੁੱਖ ਗੈਸ ਮੀਥੇਨ ਦਾ ਤਕਰੀਬਨ 27% ਹਿੱਸਾ ਝੋਨੇ ਦੇ ਖੇਤਾਂ ਤੋਂ ਵਿਸਰਜਿਤ ਹੁੰਦਾ ਹੈ। ਉਨਾਂ ਕਿਹਾ ਕਿ ਭਵਿੱਖ ਦੀ ਖੇਤੀ ਨੂੰ ਜੇਕਰ ਸੁਰੱਖਿਅਤ ਰੱਖਣਾ ਹੈ ਤਾਂ ਝੋਨੇ ਦੀ ਰਵਾਇਤੀ ਕੱਦੂ ਕਰਨ ਦੀ ਤਕਨੀਕ ਦੀ ਬਜਾਏ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ।

ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 20-25 ਫੀਸਦੀ ਮਜ਼ਦੂਰੀ ਦੀ ਬੱਚਤ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਲਈ ਜਿਲ੍ਹੇ ਅੰਦਰ 10380 ਹੈਕਟੇਅਰ ਦਾ ਟੀਚਾ ਰੱਖਿਆ ਗਿਆ ਹੈ ਜਦਕਿ ਪਿਛਲੇ ਸਾਲ ਸਿੱਧੀ ਬਿਜਾਈ ਅਧੀਨ ਜਿਲ੍ਹਾ ਪਠਾਨਕੋਟ ਵਿੱਚ 437 ਹੈਕਟੇਅਰ ਰਕਬਾ ਸੀ।ਉਨਾਂ ਜ਼ਿਲਾ ਪਟਾਨਕੋਟ ਵਿੱਚ ਡੀ ਐਸ ਆਰ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਕੀਤੀਆ ਜਾ ਰਹੀਆ ਗਤੀਵਿਧੀਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਪ੍ਰੋਤਸ਼ਾਹਨ ਰਕਮ ਵੱਜੋਂ ਦਿੱਤੇ ਜਾਣਗੇ ਜੋ ਤਸਦੀਕ ਕਰਨ ਉਪਰੰਤ ਲਾਭਪਾਤਰੀ ਕਿਸਾਨਾਂ ਦੇ  ਬੈਂਕ ਖਾਤਿਆਂ ਵਿੱਚ ਪਾਏ ਜਾਣਗੇ।ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਉਨਾਂ ਦੱਸਿਆ ਕਿ 20 ਮਈ ਤੱਕ 10-10 ਪਿੰਡਾਂ ਦੇ ਕਲੱਸਟਰ ਬਣਾ ਕੇ ਜਾਗਰੁਕਤਾ ਕੈਂਪ ਲਗਾਏ ਜਾਣਗੇ ਤਾਂ ਜੋ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕੀਤਾ ਜਾ ਸਕੇ।ਉਨਾਂ ਦੱਸਿਆ ਕਿ ਸ਼ੋਸ਼ਲ ਮੀਡੀਆਂ ਰਾਹੀ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਤੱਕ ਸਿੱਧੀ ਬਿਜਾਈ ਤਕਨੀਕ ਪਹੁੰਚਾਉਣ ਲਈ ਜ਼ਿਲਾ ਪਠਾਨਕੋਟ ਦਾ ਯੂ ਟਿਊਬ ਚੈਨਲ “ਮੇਰੀ ਖੇਤੀ ਮੇਰਾ ਮਾਣ” ਸ਼ੁਰੂ ਕੀਤਾ ਗਿਆ ਹੈ ਜਿਸ ਦੇ 403 ਕਿਸਾਨ ਮੈਂਬਰ ਬਣ ਚੁੱਕੇ ਹਨ ਅਤੇ ਹੁਣ ਤੱਕ 17 ਵੀਡੀਉਜ਼ ਝੋਨੇ ਦੀ ਸਿੱਧੀ ਬਿਜਾਈ ਆਦਿ ਨਾਲ ਸੰਬੰਧਤ ਸਾਝੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨੂੰ ਕੇਵਲ 28 ਦਿਨਾਂ ਦੇ ਵਿੱਚ 5673 ਕਿਸਾਨ ਵੇਖ  ਚੁੱਕੇ ਹਨ ।ਉਨਾਂ ਪੇਂਡੂ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ  ਪਿੰਡਾਂ ਵਿੱਚ ਸਰਪੰਚਾਂ ਅਤੇ ਪੰਚਾਂ ਨੂੰ ਇਸ ਯੂ ਟਿਊਬ ਚੈਨਲ ਦੇ ਮੈਂਬਰ ਬਣਾਇਆ ਜਾਵੇ।ਉਨਾਂ ਦੱਸਿਆ ਕਿ ਖੇਤੀ ਸਮੱਗਰੀ ਵਿਕ੍ਰੇਤਾ ਕਿਸਾਨਾਂ ਨੂੰ ਖੇਤੀ ਪਸਾਰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਊਨਦੇ ਹਨ ,ਇਸ ਲਈ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਤਕਨੀਕੀ ਪੱਖੋਂ ਮਜ਼ਬੂਤ ਕਰਨ ਲਈ ਮਿਤੀ 11 ਮਈ 2022 ਨੂੰ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਰੱਖਿਆ ਗਿਆ ਹੈ।

ਉਨਾਂ ਦੱਸਿਆ ਕਿ ਹੁਣ ਤੱਕ ਖੇਤੀਬਾੜੀ ਅਤੇ  ਕਿਸਾਨ ਭਲਾਈ ਵਿਭਾਗ ਵੱਲੋਂ 11 ਜਾਗਰੁਕਤਾ ਕੈਂਪ ਲਗਾਏ ਜਾ ਚੁੱਕੇ ਹਨ।ਉਨਾਂ ਦੱਸਿਆ ਕਿ ਜ਼ਿਲੇ ਅੰਦਰ 11 ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ ਮੌਜੂਦ ਹਨ  ਅਤੇ ਸੰਬੰਧਤ ਕਿਸਾਨਾਂ ਦੇ ਨੰਬਰ ਸ਼ੋਸ਼ਲ ਮੀਡੀਆ ਰਾਹੀਂ ਕਿਸਾਨਾਂ ਨਾਲ ਸਾਂਝੇ ਕੀਤੇ ਜਾ ਚੁਕੱੇ ਹਨ।ਉਨਾਂ ਦੁੱਸਿਆ ਕਿ ਕਿਸਾਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਬਾਰੇ ਵਿਚਾਰ ਚਰਚਾ ਕਰਨ ਲਈ 25 ਅਪ੍ਰੈਲ ਨੂੰ ਕਿਸਾਨ ਸਾਇੰਸਦਾਨ ਗੋਸ਼ਟੀ ਕਰਵਾਈ ਜਾ ਚੁੱਕੀ ਹੈ।ਉਨਾਂ ਦੱਸਿਆ ਕਿ ਆਤਮਾ ਸਕੀਮ ਜ਼ਿਲੇ ਅੰਦਰ 204 ਕਿਸਾਨ ਮਿੱਤਰ ਕੰਮ ਕਰ ਰਹੇ ਹਨ ,ਉਨਾਂ ਦੱਸਿਆ ਕਿ ਹਰੇਕ ਦੋ ਪਿੰਡਾਂ ਪਿੱਛੇ ਇੱਕ ਕਿਸਾਨ ਮਿੱਤਰ ਲਗਾਇਆ ਗਿਆ ਹੈ ਅਤੇ ਇਨਾਂ ਕਿਸਾਨ ਮਿੱਤਰਾਂ ਰਾਹੀਂ ਪਿੰਡਾਂ ਵਿੱਚ ਧਾਰਮਿਕ ਸਥਾਨਾਂ ਰਾਹੀਂ ਝੋਨੇ ਦੀ ਸਿੱਧੀ ਬਾਰੇ ਅਨਾਉਂਸਮੈਂਟਸ ਕਰਵਾਈਆਂ ਜਾ ਰਹੀਆਂ ਹਨ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੁਦਰਤੀ ਸੋਮਿਆਂ ਨੂੰ ਬਚਾਉਣ ਅਤੇ ਭਵਿੱਖ ਦੀ ਖੇਤੀ ਦੀ ਸੁਰੱਖਿਆ ਲਈ ਕੱਦੂ ਕਰਕੇ ਝੋਨੇ ਦੀ ਕਾਸ਼ਤ ਕਰਨ ਦੀ ਬਿਜਾਏ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਵਰਤਦਿਆਂ ਝੋਨੇ ਦੀ ਕਾਸ਼ਤ ਕੀਤੀ ਜਾਵੇ।ਉਨਾਂ ਕਿਹਾ ਕਿ ਇਸ ਤਕਨੀਕ ਸੰਬੰਧੀ ਵਧੇਰੇ ਜਾਣਕਾਰੀ ਲਈ ਆਪਣੇ ਹਲਕੇ ਦੇ ਸੰਬੰਧਤ ਖੇਤੀਬਾੜੀ ਅਧਿਕਾਰੀਆਂ/ਕਰਮਚਾਰੀਆਂ ਨਾਲ ਜਾਂ 1800-180-1551 ਟੋਲ ਫਰੀ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here