ਭਾਰਤ ਵਿੱਚ ਹਰ ਸਾਲ ਕਰੀਬ 15 ਤੋਂ 30 ਹਜ਼ਾਰ ਤੱਕ ਲੋਕ ਸੱਪ ਲੜਨ ਕਾਰਨ ਮਰਦੇ ਹਨ: ਡਾ.ਪ੍ਰੀਤ ਮੋਹਿੰਦਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਵਿੱਚ ਹਰ ਸਾਲ ਕਰੀਬ 15 ਤੋਂ 30 ਹਜ਼ਾਰ ਤੱਕ ਲੋਕ ਸੱਪ ਲੜਨ ਕਾਰਨ ਮਰਦੇ ਹਨ। ਇਸ ਦੇ ਇਲਾਜ ਲਈ ਕੁਝ ਆਮ ਜਾਣਕਾਰੀ ਲਾਹੇਵੰਦ ਹੋ ਸਕਦੀ ਹੈ। ਸਭ ਤੋਂ ਜ਼ਰੂਰੀ ਹੈ ਕਿ ਕਈ ਵਾਰੀ ਆਦਮੀ ਦੀ ਮੌਤ ਸੱਪ ਦੇ ਜ਼ਹਿਰ ਨਾਲ ਨਹੀਂ ਹੁੰਦੀ, ਉਹ ਡਰ ਨਾਲ ਹੀ ਮਰ ਜਾਂਦਾ ਹੈ। ਸੋ ਦਿਮਾਗ਼ ਵਿੱਚੋਂ ਡਰ ਕੱਢਣਾ ਜ਼ਰੂਰੀ ਹੈ। ਇਹ ਜਾਣਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪ੍ਰੀਤ ਮੋਹਿੰਦਰ ਸਿੰਘ ਨੇ ਸੱਪਾਂ ਦੇ ਕੱਟਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਜਾਗਰੂਕ ਕਰਦਿਆਂ ਸਾਂਝੀ ਕੀਤੀ।

Advertisements

                ਡਾ.ਪ੍ਰੀਤ ਮੋਹਿੰਦਰ ਸਿੰਘ ਨੇ ਕਿਹਾ ਕਿ ਇਹ ਇਕ ਅਣਗੌਲੀ ਟ੍ਰੋਪੀਕਲ ਬਿਮਾਰੀ ਹੈ ਜਿਸ ਵੱਲ ਜਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਲੋਕਾਂ ਨੂੰ ਇਸ ਵਾਸਤੇ ਜਾਗਰੂਕ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਸੱਪਾਂ ਦੀਆਂ 2500 ਦੇ ਕਰੀਬ ਕਿਸਮਾਂ ਹਨ, ਜਿਨ੍ਹਾਂ ’ਚੋਂ ਤਕਰੀਬਨ 200 ਤੋਂ ਵੱਧ ਭਾਰਤ ਵਿਚ ਹੀ ਹਨ। ਇਨ੍ਹਾਂ ਵਿਚੋਂ 50 ਕਿਸਮਾਂ ਜ਼ਹਿਰੀਲੇ ਸੱਪਾਂ ਦੀਆਂ ਹਨ। ਜ਼ਹਿਰੀਲੇ ਸੱਪਾਂ ਦੀਆਂ ਤਿੰਨ ਨਸਲਾਂ ਭਾਰਤ ’ਚ ਆਮ ਹਨ, ਕੋਬਰਾ (ਫਨੀਅਰ ਸੱਪ), ਰੱਸਲ ਵਾਈਪਰ, ਕਰੇਟ ਜਿਨ੍ਹਾਂ ਦੇ ਡੰਗ ’ਤੇ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸੱਪ ਦੇ ਡੰਗਣ ਦੀ ਸਥਿਤੀ ਵਿੱਚ ਮਿਥਿਹਾਸ ਦਾ ਸਹਾਰਾ ਨਾ ਲੈਣ ਜਾਂ ਟੋਣੇ- ਟੋਟਕੇ ਤੇ ਵਿਸ਼ਵਾਸ ਨਾ ਕਰਕੇ ਸਿਰਫ ਡਾਕਟਰੀ ਸਹਾਇਤਾ ਲੈਣ ਲਈ ਕਿਹਾ।ਉਨ੍ਹਾਂ ਸੱਪ ਦੇ ਕੱਟਣ ਤੇ ਫਸਟ ਏਡ ਬਾਰੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਜਿਸ ਲੱਤ ਜਾਂ ਬਾਂਹ ’ਤੇ ਡੰਗ ਵੱਜਾ ਹੋਵੇ, ਉਹ ਅੰਗ ਹਿਲਾਉਣ ਦੀ ਕੋਸ਼ਿਸ਼ ਨਾ ਕਰੋ ਅਤੇ ਉਸ ਥਾਂ ’ਤੇ ਇਕ ਸਪਲਿੰਟ ਲਗਾ ਦਿਓ । ਜਿਹੜੀ ਬਾਂਹ ਜਾਂ ਲੱਤ ’ਤੇ ਸੱਪ ਲੜਿਆ  ਹੋਵੇ ਉਸ ਤੋਂ ਕੜਾ, ਚੂੜੀਆਂ , ਘੜੀ, ਬ੍ਰੇਸਲੈਟ, ਜੁਰਾਬਾਂ, ਬੂਟ ਆਦਿ ਲਾਹ ਦਿਓ। ਜ਼ਹਿਰ ਚੂਸਣ ਵਾਲਾ ਕੰਮ ਕਦੀ ਨਾ ਕਰੋ। ਜ਼ਖ਼ਮ ਵਿਚੋਂ ਖੂਨ ਨਾ ਕੱਢੋ, ਬਰਫ ਅਤੇ ਜੜੀ  ਬੂਟੀਆਂ ਨਾ ਰਗੜੋ। ਵਿਅਕਤੀ ਨੂੰ ਖਾਣ ਪੀਣ ਵਾਸਤੇ ਕੁਝ ਨਾ ਦਿਓ, ਇਸਦੇ ਨਾਲ ਜ਼ਹਿਰ ਬੜੀ ਜਲਦੀ ਜਜਬ ਹੁੰਦਾ ਹੈ। ਜਲਦੀ ਤੋਂ ਜਲਦੀ ਨੇੜੇ ਦੇ ਹਸਪਤਾਲ ਲੈ ਜਾਵੋ, ਜਿੱਥੇ ‘ਸੱਪ-ਕੱਟਣ ਦੇ ਟੀਕੇ’ ਉਪਲੱਬਧ ਹੋਣ। ਘਬਰਾਉਣ ਦੀ ਬਜਾਏ ਹੌਸਲਾ ਬਣਾ ਕੇ ਰੱਖੋ ਅਤੇ ਉਸ ਵਿਅਕਤੀ ਨੂੰ ਡਰਾਵੋ ਨਾ, ਜਿਸ ਨੂੰ ਸੱਪ ਨੇ ਡੰਗਿਆ ਹੋਵੇ। ਬਿਨਾਂ ਸਮਾਂ ਬਰਬਾਦ ਕੀਤਿਆਂ ਮਰੀਜ਼ ਨੂੰ ਹਸਪਤਾਲ ਪਹੁੰਚਾਵੋ।

                ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਪ੍ਰੀਤ ਮੋਹਿੰਦਰ ਸਿੰਘ ਨੇ ਦੱਸਿਆ ਕਿ ਸੱਪ ਦੇ ਡੰਗਣ ਵਾਲੀ ਥਾਂ ’ਤੇ ਲਾਲਗੀ, ਪੀੜ ਅਤੇ ਸੋਜ, ਜ਼ਖ਼ਮ ’ਚੋਂ ਲਹੂ ਵਗਣਾ, ਸਾੜ ਪੈਣਾ, ਵਧੇਰੇ ਮੁੜ੍ਹਕਾ, ਦਸਤ, ਨਜ਼ਰ ਧੁੰਦਲੀ ਹੋ ਜਾਣਾ, ਹੱਥ ਪੈਰ ਸੌਂ ਜਾਣੇ, ਕੀੜ੍ਹੀਆਂ ਤੁਰਨੀਆਂ, ਜ਼ਿਆਦਾ ਤੇਹ ਲੱਗਣਾ, ਉਲਟੀਆਂ, ਬੁਖਾਰ, ਪੱਠਿਆਂ ਦੀ ਕਮਜ਼ੋਰੀ, ਦੌਰੇ ਪੈਣੇ, ਦਿਲ ਦੇ ਤੇਜ਼ ਧੜਕਣ ਨਾਲ ਤੇਜ਼ ਨਬਜ਼, ਕਮਜ਼ੋਰੀ, ਦਿਲ ਘਬਰਾਉਣਾ, ਬੇਹੋਸ਼ੀ ਹੋਣਾ ਆਦਿ ।

                ਇਲਾਜ ਬਾਰੇ ਦੱਸਦਿਆਂ ਡਾ.ਪ੍ਰੀਤ ਮੋਹਿੰਦਰ ਸਿੰਘ ਨੇ ਕਿਹਾ ਕਿ ਸੱਪ ਦੇ ਕੱਟੇ ਦਾ ਟੀਕਾ ਸਰੀਰ ’ਚ ਪੁੱਜੇ ਜ਼ਹਿਰ ਨੂੰ ਨਕਾਰਾ ਕਰ ਦਿੰਦਾ ਹੈ। ਇਹ ਟੀਕਾ ਖੂਨ ਦੀ ਨਾੜ ਵਿਚ ਮਾਹਿਰ ਡਾਕਟਰਾਂ ਦੀ ਦੇਖ-ਰੇਖ ਵਿਚ ਹੀ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਂਟੀ ਸਨੇਕ ਵੈਨਮ ਟੀਕਾ ਸਾਰੇ ਜਿਲ੍ਹਾ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਉਪਲੱਬਧ ਹਨ।

                ਡਾ.ਪ੍ਰੀਤ ਮੋਹਿੰਦਰ ਸਿੰਘ ਨੇ ਕਿਹਾ ਕਿ ਕੁਝ ਸਾਵਧਾਨੀਆਂ ਅਤੇ ਆਪਣਾ ਆਲਾ-ਦੁਆਲਾ ਸਾਫ ਰੱਖ ਕੇ ਸੱਪ ਦੇ ਕੱਟਣ ਤੋਂ ਆਪਣਾ ਬਚਾਅ ਕੀਤਾ ਜਾ ਸਕਦਾ ਹੈ। ਰੁੱਖਾਂ ਅਤੇ ਟਾਹਣੀਆਂ ਨੂੰ ਆਪਣੀਆਂ ਕੰਧਾਂ ਤੇ ਖਿੜਕੀਆਂ ਨੂੰ ਛੂਹਣ ਨਾ ਦਿਓ। ਆਪਣੇ ਘਰ ਨੂੰ ਚੂਹਿਆਂ, ਡੱਡੂਆਂ ਤੋਂ ਮੁਕਤ ਰੱਖੋ। ਦਰਵਾਜ਼ਿਆਂ, ਖਿਡ਼ਕੀਆਂ ਅਤੇ ਕੰਧਾਂ ’ਚ ਕਿਸੇ ਵੀ ਤਰ੍ਹਾਂ ਦੇ ਛੇਕ ਆਦਿ ਨੂੰ ਖੁੱਲਾ ਨਾ ਛੱਡੋ। ਖੇਤਾਂ ’ਚ ਕੰਮ ਕਰਦੇ ਸਮੇਂ ਸੁਚੇਤ ਰਹੋ। ਰਾਤ ਨੂੰ ਬਾਹਰ ਜਾਣ ਸਮੇਂ ਟਾਰਚ-ਸੋਟੀ ਨਾਲ ਲੈ ਕੇ ਜਾਣਾ ਨਾ ਭੁੱਲੋ। ਫਰਸ਼ ’ਤੇ ਨਾ ਸੌਂਵੋ, ਮੰਜੇ ’ਤੇ ਸੌਂਵੋ। ਕਦੇ ਵੀ ਸੱਪ ਨੂੰ ਫੜਨ ਦੀ ਕੋਸ਼ਿਸ਼ ਨਾ ਕਰੋ। ਖਿੜਕੀਆਂ ਤੇ ਪੋਲਟਰੀ ਫਰਮਾਂ ’ਚ ਜਾਲੀਆਂ ਦੀ ਵਰਤੋਂ ਕਰੋ।

LEAVE A REPLY

Please enter your comment!
Please enter your name here