
ਪਟਿਆਲਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ ਦੀ ਵਿੱਦਿਆ ਦੇ ਮੌਕੇ ਪ੍ਰਦਾਨ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਰਨਿੰਗ ਲੈਵਲ ਬੈਸਡ ਸਾਫ਼ਟਵੇਅਰ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪਟਿਆਲਾ ਦੇ 82 ਸਕੂਲਾਂ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਸਕੂਲ ਦੇ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਨਾਲ ਲਰਨਿੰਗ ਲੈਵਲ ਸਾਫ਼ਟਵੇਅਰ ਦੀ ਕਲਾਸ ਵਿੱਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਮਕਸਦ ਉਨ੍ਹਾਂ ਵਿਦਿਆਰਥੀਆਂ ਨੂੰ ਨਾਲ ਜੋੜਨਾ ਹੈ ਜੋ ਕਿਸੇ ਕਾਰਨ ਪੜ੍ਹਾਈ ਵਿੱਚ ਆਪਣੇ ਜਮਾਤੀਆਂ ਤੋਂ ਪਿੱਛੇ ਰਹਿ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਅਗਲੇ ਵਿਸ਼ੇ ਸਮਝਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਈਡਸਪਾਰਕ ਨਾਲ ਮਿਲਕੇ ਪਟਿਆਲਾ ਦੇ 82 ਸਕੂਲਾਂ ਵਿੱਚ ਆਡੀਓ-ਵਿਜ਼ਿਊਲ ਤਰੀਕੇ ਨਾਲ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ ਚੁਣਨ ਸਮੇਤ ਆਸਾਨ ਤਰੀਕੇ ਨਾਲ ਸਮਝਾਉਣ ਅਤੇ ਸਮੇਂ ਸਮੇਂ ਉਤੇ ਇਮਤਿਹਾਨ ਵੀ ਲਏ ਜਾਣਗੇ। ਸਾਕਸ਼ੀ ਸਾਹਨੀ ਨੇ ਕਿਹਾ ਕਿ ਸਕੂਲ ਭਾਵੇਂ ਕਾਫ਼ੀ ਚੰਗੀ ਵਿੱਦਿਆ ਪ੍ਰਦਾਨ ਕਰ ਰਹੇ ਹਨ ਪਰ ਕੁਝ ਵਿਦਿਆਰਥੀ ਸ਼ੁਰੂਆਤੀ ਸਮੇਂ ਹੀ ਕਿਸੇ ਕਾਰਨ ਹੋਰ ਜਮਾਤੀਆਂ ਤੋਂ ਪਿੱਛੇ ਰਹਿ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਪੜ੍ਹਾਈ ਦੇ ਅਗਲੇ ਵਿਸ਼ੇ ਵੀ ਸਮਝ ਨਹੀ ਆਉਂਦੇ ਇਸ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਈਡਸਪਾਰਕ ਨਾਲ ਮਿਲਕੇ ਇਸ ਤਰ੍ਹਾਂ ਦਾ ਸਾਫ਼ਟਵੇਅਰ ਬਣਾਇਆ ਗਿਆ ਹੈ ਜੋ ਵਿਦਿਆਰਥੀਆਂ ਨੂੰ ਆਸਾਨ ਭਾਸ਼ਾ ਵਿੱਚ ਸਮਝਾਏਗਾ ਅਤੇ ਵਿਦਿਆਰਥੀ ਇਸ ਦੀ ਵਰਤੋਂ ਸਕੂਲ ਅਤੇ ਘਰ ਜਾ ਕਿ ਵੀ ਘਰ ਸਕਣਗੇ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ ਉਤੇ ਸਾਫ਼ਟਵੇਅਰ ਰਾਹੀਂ ਪੰਜਾਬੀ, ਅੰਗਰੇਜ਼ੀ ਅਤੇ ਹਿਸਾਬ ਦੇ ਵਿਸ਼ਿਆਂ ਨੂੰ ਪੜ੍ਹਾਇਆ ਜਾਵੇਗਾ ਅਤੇ ਹੋਰ ਵਿਸ਼ਿਆਂ ਨੂੰ ਵੀ ਸਮੇਂ ਸਮੇਂ ਉਤੇ ਜੋੜਿਆ ਜਾਵੇਗਾ। ਇਸ ਮੌਕੇ ਡਿਪਟੀ ਡੀ.ਈ.ਓ. ਮਨਵਿੰਦਰ ਕੌਰ, ਡੀ.ਡੀ.ਐਫ਼ ਪ੍ਰਿਆ ਸਿੰਘ, ਸਕੂਲ ਦੇ ਪ੍ਰਿੰਸੀਪਲ ਵਰਿੰਦਰਜੀਤ ਬਾਤਿਸ਼ ਸਮੇਤ ਸਕੂਲ ਸਟਾਫ਼ ਵੀ ਮੌਜੂਦ ਸੀ।











