
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਚੇਨਈ ਵਿਖੇ ਚੱਲ ਰਹੀ ਜੂਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨੀ ਕੌਰ ਨੇ 4×100 ਮੀਟਰ ਮਿਕਸਡ ਰਿਲੇਅ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਆਪਣੇ ਇਲਾਕੇ ਅਤੇ ਕੋਚਾਂ ਦਾ ਮਾਣ ਵਧਾਇਆ। ਸੋਨੀ ਕੌਰ ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ ਵਿਖੇ ਆਪਣੇ ਕੋਚ ਬਲਜੀਤ ਸਿੰਘ ਦੀ ਦੇਖ-ਰੇਖ ਹੇਠ ਨਿਯਮਿਤ ਤੌਰ ’ਤੇ ਅਥਲੈਟਿਕਸ ਦੀ ਸਿਖਲਾਈ ਪ੍ਰਾਪਤ ਕਰ ਰਹੀ ਹੈ।

ਇਸ ਦੇ ਨਾਲ ਹੀ ਉਹ ਆਪਣੀ ਸਰੀਰਕ ਤਾਕਤ ਅਤੇ ਫਿਟਨੈੱਸ ਨੂੰ ਬਿਹਤਰ ਬਣਾਉਣ ਲਈ ਆਪਣੇ ਕੋਚ ਨਾਲ ਅਵਤਾਰ ਸਿੰਘ ਦੇ ਸਿਟੀ ਜਿਮ ਵਿਖੇ ਵੀ ਅਭਿਆਸ ਕਰਦੀ ਹੈ। ਸੋਨੀ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਅਵਤਾਰ ਸਿੰਘ ਅਤੇ ਅਥਲੈਟਿਕਸ ਕੋਚ ਬਲਬੀਰ ਸਿੰਘ ਨੇ ਉਸ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੋਨੀ ਕੌਰ ਦੀ ਇਹ ਪ੍ਰਾਪਤੀ ਉਸ ਦੀ ਸਖ਼ਤ ਮਿਹਨਤ, ਲਗਨ, ਅਨੁਸ਼ਾਸਨ ਅਤੇ ਕੋਚਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਨੇ ਸੋਨੀ ਕੌਰ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ। ਸੋਨੀ ਕੌਰ ਦੀ ਇਸ ਪ੍ਰਾਪਤੀ ਨਾਲ ਉਸ ਦੇ ਕੋਚ, ਪਰਿਵਾਰ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ।












