
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਮਹਿਤਾ ਚੌਂਕ ਵਿੱਚ ਤੜਕਸਾਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋ ਬਾਅਦ ਇਲਾਕੇ ਵਿੱਚ ਸਨਸਾਨੀ ਫੈਲ ਗਈ ਹੈ। ਅਣਪਛਾਤੇ ਬਾਈਕ ਸਵਾਰਾਂ ਨੇ ਇੱਕ ਜਿਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ ਫਾਇਰਿੰਗ ਕੀਤੀ। ਇਸ ਹਮਲੇ ਦੌਰਾਨ ਜਿਮ ਦੇ ਸ਼ੀਸ਼ੇ ਟੁੱਟ ਗਏ, ਪਰ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਜਾਣਕਾਰੀ ਅਨੁਸਾਰ ਹਮਲਾਵਰ ਸਵੇਰੇ ਬਾਈਕ ’ਤੇ ਸਵਾਰ ਹੋ ਕੇ ਜਿਮ ਦੇ ਬਾਹਰ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਚਾਨਕ ਹੋਈ ਫਾਇਰਿੰਗ ਕਾਰਨ ਇਮਾਰਤ ਦੇ ਸ਼ੀਸ਼ਿਆਂ ਨੂੰ ਨੁਕਸਾਨ ਪਹੁੰਚਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਈਕ ਸਵਾਰ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਇਨ੍ਹਾਂ ਤਸਵੀਰਾਂ ਦੀ ਮਦਦ ਨਾਲ ਹਮਲਾਵਰਾਂ ਦੀ ਪਹਿਚਾਣ ਕਰਨ ਅਤੇ ਘਟਨਾ ਨਾਲ ਜੁੜੀਆਂ ਕੜੀਆਂ ਜੋੜਨ ਵਿੱਚ ਪੁਲਿਸ ਨੂੰ ਮਦਦ ਮਿਲ ਸਕਦੀ ਹੈ। ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮਹਿਤਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।












