ਸਦਾ ਬਹਾਰ ਫਨਕਾਰ ਮੁਹੰਮਦ ਰਫ਼ੀ ਦੇ ਜਨਮ ਦਿਵਸ ਮੌਕੇ ਸ਼ਾਨਦਾਰ ਸੰਗੀਤਕ ਸਮਾਗਮ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਸੰਗੀਤ ਜਗਤ ਦੇ ਸਦਾ ਬਹਾਰ ਫਨਕਾਰ ਮੁਹੰਮਦ ਰਫ਼ੀ ਸਾਹਿਬ ਦੇ 98ਵੇਂ ਜਨਮ ਦਿਵਸ ਸਬੰਧੀ ਸ਼ਾਨਦਾਰ ਸੰਗੀਤਕ ਅਤੇ ਸਭਿਆਚਾਰਕ ਸਮਾਗਮ ਦਾ ਆਯੋਜਨ ਮੁਹੰਮਦ ਕਲਚਰਲ ਤੇ ਚੈਰੀਟੇਬਲ ਸੁਸਾਇਟੀ ਹੁਸ਼ਿਆਰਪੁਰ, ਅਲਾਇੰਸ ਕਲੱਬ ਹੁਸ਼ਿਆਰਪੁਰ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਯੁਗੇਸ਼ ਨੇ ਕੀਤੀ। ਇਸ ਸੰਗੀਤਕ ਸਮਾਗਮ ਵਿਚ ਡਿਪਟੀ ਚੀਫ਼ ਇੰਜੀਨੀਅਰ ਬਿਜਲੀ ਬੋਰਡ ਹਰਮਿੰਦਰ ਸਿੰਘ ਰੱਤੂ ਬਤੌਰ ਮੁੱਖ ਮਹਿਮਾਨ ਪਧਾਰੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਰਾਜ ਪਾਲ ਕੌਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਸਮਾਗਮ ਵਿਚ ਕਲਾਕਾਰ, ਸੰਗੀਤ ਪ੍ਰੇਮੀ, ਸਮਾਜ ਅਤੇ ਸਮਾਜ ਦੇ ਬੁੱਧੀਜੀਵੀ ਹੁੰਮ-ਹੁੰਮਾ ਕੇ ਸ਼ਾਮਲ ਹੋਏ। ਸੁਸਾਇਟੀ ਵਲੋਂ ਮੁੱਖ ਮਹਿਮਾਨ ਸਮੇਤ ਪਤਵੰਤਿਆਂ ਦਾ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਉਪਰੰਤ ਮੁੱਖ ਮਹਿਮਾਨ ਸਮੇਤ ਹੋਰ ਪਤਵੰਤਿਆਂ ਵਲੋਂ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਵੇਲੇ ਸੁਸਾਇਟੀ ਦੇ ਪ੍ਰਬੰਧਕ ਡਾ. ਹਰਜਿੰਦਰ ਸਿੰਘ ਓਬਰਾਏ ਵਲੋਂ ਮੁੱਖ ਮਹਿਮਾਨ ਅਤੇ ਹੋਰ ਹਾਜ਼ਰ ਮਹਿਮਾਨਾਂ, ਕਲਾਕਾਰਾਂ ਅਤੇ ਪਤਵੰਤੇ ਸ਼ਹਿਰੀਆਂ ਦਾ ਸਮਾਗਮ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਆਖਦਿਆਂ ਸੁਸਾਇਟੀ ਦੀਆਂ ਸੰਗੀਤਕ ਅਤੇ ਸਭਿਆਚਾਰਕ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਮੁਹੰਮਦ ਰਫੀ ਸੁਸਾਇਟੀ ਦੇ ਸੰਥਾਪਕ ਪ੍ਰਧਾਨ ਗੁਲਜਾਰ ਸਿੰਘ ਕਾਲਕਟ ਵਲੋਂ ਮੁਹੰਮਦ ਰਫੀ ਸਾਹਿਬ ਦੇ ਜੀਵਨ ਅਤੇ ਸਫ਼ਲ ਸੰਗੀਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਉਪਰੰਤ ਸ਼ੁਰੂ ਹੋਏ ਸੰਗੀਤਕ ਪ੍ਰੋਗਰਾਮ ਵਿਚ ਪ੍ਰੋ: ਹਰਜਿੰਦਰ ‘ਅਮਨ’, ਪ੍ਰੋ: ਬਲਰਾਜ, ਉਸਤਾਦ ਕਲਾਕਾਰ ਨੀਲ ਕਮਲ ਮਾਹਿਲਪੁਰੀ, ਡਾ. ਗੁਰਪ੍ਰੀਤ ਕੌਰ ਗੋਲਡੀ (ਐਮ.ਏ. ਐਮ ਫਿਲ ਅਤੇ ਪੀ.ਐਚ.ਡੀ ਸੰਗੀਤ), ਅਨਮੋਲ ਰਾਜਾ, ਹਰਪਾਲ ਲਾਡਾ, ਰਚਨਾ ਸ਼ਰਮਾ (ਸਿਤਾਰ ਵਾਦਕ), ਰੀਤਿਕਾ ਸੈਣੀ (ਪੰਜਾਬੀ ਢੋਲ ਵਾਦਨ), ਪ੍ਰੋ: ਪੰਕਜ ਸ਼ਰਮਾ (ਬੰਸਰੀ ਵਾਦਨ), ਡਾ. ਅਸ਼ੋਕ ਸੂਮਨ ਆਦਿ ਕਲਾਕਾਰਾਂ ਵਲੋਂ ਢੁਕਵੇਂ ਨਗ਼ਮੇਂ ਪੇਸ਼ ਕਰਕੇ ਸਮਾਗਮ ਨੂੰ ਰਫ਼ੀ-ਮਈ ਬਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਮੁੱਖ ਮਹਿਮਾਨ ਵਲੋਂ ਉਪਰੋਕਤ ਕਲਾਕਾਰ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਉਘੇ ਰੰਗਕਰਮੀ ਅਤੇ ਫ਼ਿਲਮੀ ਕਲਾਕਾਰ ਅਸ਼ੋਕ ਪੁਰੀ, ਸੰਗੀਤਕਾਰ ਕੁਲਜੀਤ ਗੋਰਾਇਆ ਅਤੇ ਸਾਹਿਤਕਾਰ ਕੁਲਵਿੰਦਰ ਸਿੰਘ ਜੱਡਾ ਵਲੋਂ ਸੂਝਵਾਨ ਸਰੋਤਿਆਂ ਦੀ ਆਮ ਰਾਏ ਵਿਅਕਤ ਕਰਦਿਆਂ ਮੰਗ ਕੀਤੀ ਕਿ ਮੁਹੰਮਦ ਰਫ਼ੀ ਸਾਹਿਬ ਦਾ ਬਣਦਾ ‘ਭਾਰਤ ਰਤਨ’ ਅਵਾਰਡ, ਉਨ੍ਹਾਂ ਦੇ ਨਾਂ ਦੀ ਡਾਕ ਟਿਕਟ ਜਾਰੀ ਕਰਨ ਤੋਂ ਇਲਾਵਾ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਮੁਹੰਮਦ ਰਫ਼ੀ ਦੇ ਨਾਂ ’ਤੇ ਵਿਸ਼ੇਸ਼ ਚੇਅਰ ਸਥਾਪਿਤ ਕੀਤੀ ਜਾਵੇ।
  ਅੰਤ ਵਿਚ ਮੁੱਖ ਮਹਿਮਾਨ ਇੰਜੀਨੀਅਰ ਹਰਮਿੰਦਰ ਸਿੰਘ ਰੱਤੂ ਨੇ ਇਸ ਸ਼ਾਨਦਾਰ ਸੰਗੀਤਕ ਅਤੇ ਸਭਿਆਚਾਰਕ ਸਮਾਗਮ ਦੇ ਪ੍ਰਭਾਵਸ਼ਾਲੀ ਆਯੋਜਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੁਨੀਆਂ ਦੇ ਸਿਰਮੌਰ ਫਨਕਾਰ ਅਤੇ ‘ਸਿੰਬਲ ਆਫ਼ ਮਿਊਜ਼ਿਕ’ ਮੁਹੰਮਦ ਰਫੀ ਸਾਹਿਬ ਨੇ ਸਰਬਪੱਖੀ ਸੰਗੀਤ ਦੀਆਂ ਬੁਲੰਦੀਆਂ ਸਥਾਪਿਤ ਕਰਕੇ ਦੁਨੀਆ ਨੂੰ ਮਧੂਰ ਸੰਗੀਤ ਦਾ ਵੱਡਮੁਲਾ ਖ਼ਜ਼ਾਨਾ ਪ੍ਰਦਾਨ ਕੀਤਾ ਹੈ। ਪੰਜਾਬ ਦੇ ਜੰਮਪਲ ਮੁਹੰਮਦ ਰਫ਼ੀ ਸਾਹਿਬ ਨੇ ਬੇਮਿਸਾਲ ਫਨਕਾਰੀ ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਦੁਨੀਆਂ ਵਿਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਫਨਕਾਰੀ ਦੇ ਨਾਲ-ਨਾਲ ਮੁਹੰਮਦ ਰਫ਼ੀ ਸਾਹਿਬ ਇਕ ਨੇਕ ਅਤੇ ਵਧੀਆ ਇਨਸਾਨ ਦੇ ਤੌਰ ’ਤੇ ਸਾਡੇ ਲਈ ਇਕ ਲਾਹੇਵੰਦ ਪ੍ਰੇਰਨਾ ਸਰੋਤ ਬਣੇ ਰਹਿਣਗੇ। ਇਸ ਮੌਕੇ ਹਰਦੇਵ ਸਿੰਘ ਆਸੀ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੋਕੇਸ਼ ਕੁਮਾਰ ਸਹਾਇਕ ਲੋਕ ਸੰਪਰਕ ਅਫ਼ਸਰ, ਹਰਜੀਤ ਸਿੰਘ ਮਠਾਰੂ, ਸਾਂਵਲ ਧਾਮੀ, ਅਵਤਾਰ ਸਿੰਘ ਸੰਧੂ, ਪੰਜਾਬੀ ਕਹਾਣੀਕਾਰ ਡਾ. ਤ੍ਰਿਪਤਾ ਕੇ. ਸਿੰਘ, ਕੁਲਵੰਤ ਸਿੰਘ ਮੈਨੇਜਰ, ਮਾਸਟਰ ਸੁਖਦੇਵ ਸਿੰਘ, ਤਰਲੋਚਨ ਸਿੰਘ ਮਾਹਿਲਪੁਰ, ਅਮਰਜੀਤ ਟਾਟਰਾ, ਜੀਵਨ ਲਾਲ, ਰਣਜੀਤ ਤਲਵਾੜ, ਵਕੀਲ ਸੁਖਵਿੰਦਰ ਜੀਤ ਸੰਘਾ, ਨਰੇਸ਼ ਬੈਂਸ, ਪੰਡਤ ਸੁਰੇਸ਼ ਸ਼ਰਮਾ ਅਤੇ ਸੁਖਚੈਨ ਰਾਏ ਆਦਿ ਪਤਵੰਤੇ ਮੌਜੂਦ ਸਨ। 

Advertisements

LEAVE A REPLY

Please enter your comment!
Please enter your name here