ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਦੇ ਵਿਰਸੇ ਤੋਂ ਜਾਣੂ ਕਰਵਾਏਗੀ ਪੰਜਾਬ ਸਰਕਾਰ: ਡਾ. ਬਲਬੀਰ ਸਿੰਘ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਹੈਰੀਟੇਜ ਫੈਸਟੀਵਲ-2023 ਦੇ ਸਮਾਰੋਹਾਂ ਦੀ ਲੜੀ ਤਹਿਤ ਤਿੰਨ ਦਿਨਾਂ ਥਇਏਟਰ ਫੈਸਟੀਵਲ ਦੇ ਦੂਜੇ ਦਿਨ ਅੱਜ ‘ਵਾਰਿਸ ਸ਼ਾਹ-ਸੁੱਖਨ ਦਾ ਵਾਰਿਸ’ ਨਾਟਕ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਕਿਰਦਾਰਾਂ ਦੇ ਜਰੀਏ ਦਰਸ਼ਕਾਂ ਨੂੰ ਇੱਕ ਇਤਿਹਾਸਕ ਦੌਰ ਵਿੱਚ ਲੈ ਗਿਆ।

Advertisements

ਸੱਯਦ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਹੇਠ ਥਇਏਟਰ ਤੇ ਟੈਲੀਜਿਨ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਦਿਉਲ ਦੇ ਵਿਉਂਤੇ ਅਤੇ ਨਾਟਕਕਾਰ-ਨਿਰਦੇਸ਼ਕ ਦਵਿੰਦਰ ਦਮਨ ਦੇ ਨਾਟਕ ਵਾਰਿਸ ਸ਼ਾਹ-ਸੁੱਖਾਂ ਦਾ ਵਾਰਸ ਦੀ ਅਹਿਮ ਪੇਸ਼ਕਾਰੀ ਨੇ ਸ਼ਾਇਰੀ ਜਰੀਏ ਵਾਰਿਸ ਸ਼ਾਹ ਦੀ ਜਿੰਦਗੀ ਨਾਲ ਦਰਸ਼ਕਾਂ ਨੂੰ ਰੂਬਰੂ ਕੀਤਾ।

ਵਾਰਿਸ ਸ਼ਾਹ ਤੇ ਅੰਮ੍ਰਿਤਾ ਪ੍ਰੀਤਮ ਦਰਮਿਆਨ ਸੰਵਾਦ ‘ਚ ‘ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਵਰਕਾ ਫੋਲ’ ਇਸ ਸੰਵਾਦ ‘ਚ ਅੰਮ੍ਰਿਤਾ ਪ੍ਰੀਤਮ ਦੀ ਭੂਮਿਕਾ ਕਰ ਰਹੀ ਮਨਪ੍ਰੀਤ ਕੌਰ ਨੇ ਦਰਸ਼ਕ ਕੀਲੇ। ਜਦਕਿ ਵਾਰਿਸ ਸ਼ਾਹ ਦੀ ਭੂਮਿਕਾ ਨਿਭਾਉਂਦਿਆਂ ਮਨਜਿੰਦਰ ਸਿੰਘ ਨੇ ਕਬਰ ‘ਚੋਂ ਬਾਹਰ ਆਉਂਦਿਆਂ ਕਿਹਾ, ‘ਕਿਸਨੇ ਆਵਾਜ ਮਾਰੀ ਹੈ ਸਦੀਆਂ ਬਾਅਦ’ ਦਾ ਦ੍ਰਿਸ਼, ਵਾਰਿਸ ਸ਼ਾਹ ਨੂੰ ਕਬਰਾਂ ਵਿੱਚੋਂ ਬਾਹਰ ਲੈਕੇ ਆਉਣ ‘ਤੇ ਦਰਸ਼ਕਾਂ ਨੂੰ ਭਾਵੁਕ ਕਰਦਾ ਹੈ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਦੇ ਵਿਰਸੇ ਤੋਂ ਜਾਣੂ ਕਰਵਾਏਗੀ। ਉਨ੍ਹਾਂ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਅਜਿਹੇ ਉਤਸਵ ਇਕ ਚੰਗੀ ਪਹਿਲਕਦਮੀ ਹਨ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਥਿਏਟਰ ਉਤਸਵ ਦੇ ਆਖਰੀ ਦਿਨ 14 ਫਰਵਰੀ ਦੀ ਸ਼ਾਮ ਨੂੰ ਨੌਜਵਾਨ ਕਮੇਡੀਅਨ ਜਸਪ੍ਰੀਤ ਸਿੰਘ ਆਪਣਾ ਜਲਵਾ ਦਿਖਾਏਗਾ। ਉਨ੍ਹਾਂ ਨੇ ਸਮੂਹ ਪਟਿਆਲਵੀਆਂ ਨੂੰ ਸੱਦਾ ਦਿੱਤਾ ਕਿ ਉਹ ਕਰਾਫਟ ਮੇਲੇ ਸਮੇਤ ਹੋਰ ਕਈ ਸਾਰੇ ਉਤਸਵਾਂ ਦਾ ਆਨੰਦ ਮਾਣਨ।

ਵਾਰਿਸ ਸਾਹ ਨੂੰ ਹੀਰ ਲਈ ਜਾਣਿਆ ਜਾਂਦਾ ਹੈ ਤੇ ਇਸ ਨਾਟਕ ‘ਚ ਹੀਰ ਦੀ ਭੂਮਿਕਾ ਜਾਨਵੀ ਨੇ ਨਿਭਾਈ। ਧੀਦੋ ਦੀ ਭੂਮਿਕਾ ਰਾਜਬੀਰ ਸਿੰਘ ਸੈਣੀ ਨੇ, ਦਮੋਦਰ ਦੀ ਕੇਵਲ ਸਿੰਘ ਨੇ, ਭਾਬੀ ਦੀ ਭੂਮਿਕਾ ਅਰਸ਼ਦੀਪ ਕੌਰ, ਕਾਜੀ ਦੀ ਭੂਮਿਕਾ ਰਾਜਦੀਪ ਸਿੰਘ, ਬਾਲ ਨਾਥ ਦੀ ਭੂਮਿਕਾ ਕੰਵਰਦੀਪ ਸਿੰਘ ਨੇ ਨਿਭਾਈ ਅਤੇ ਗੁਰਮੀਤ ਸਿੰਘ ਤੇ ਬਲਵੰਤ ਸਿੰਘ ਨੇ ਜਾਣਕਾਰੀ ਦਿੱਤੀ, ਗੀਤ-ਸੰਗੀਤ ਰਵਿੰਦਰ ਕੁਮਾਰ, ਕੋਮਲਪ੍ਰੀਤ ਸਿੰਘ ਨੇ ਦਿੱਤਾ।

ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਵੂਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ,ਕਰਨਲ ਜੇ.ਵੀ, ਪ੍ਰਦੀਪ ਜੋਸ਼ਨ, ਜੁਡੀਸ਼ੀਅਲ ਅਧਿਕਾਰੀ ਅਰੁਣ ਗੁਪਤਾ ਤੇ ਪਲਵਿੰਦਰ ਸਿੰਘ, ਏ ਡੀ ਸੀ ਗੌਤਮ ਜੈਨ ਤੇ ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕੀ ਅਫਸਰ ਡਾ. ਪ੍ਰਭਲੀਨ ਸਿੰਘ ਸਮੇਤ ਹੋਰ ਪਤਵੰਤੇ ਤੇ ਦਰਸ਼ਕ ਵੱਡੀ ਗਿਣਤੀ ‘ਚ ਮੌਜੂਦ ਸਨ।

LEAVE A REPLY

Please enter your comment!
Please enter your name here