ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਦੌੜ ਦਾ ਆਯੋਜਨ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਕੁੱਖ ਤੇ ਰੁੱਖ ਬਚਾਓ ਅਤੇ ਜਨਤਕ ਥਾਂਵਾਂ ਤੇ ਮਹਿਲਾਵਾਂ ਦੀ ਦਾਵੇਦਾਰੀ ਦੇ ਸੁਨੇਹੇ ਨਾਲ ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਵੱਲੋਂ ਅੱਜ ਇੱਕ ਦੌੜ ਦਾ ਆਯੋਜਨ ਕੀਤਾ ਗਿਆ।ਇਸ ਦੌੜ ਨੂੰ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਫਾਜਿ਼ਲਕਾ ਤੋਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਜ਼ੋ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜਾ ਕੇ ਸੰਪਨ ਹੋਈ। ਇਸ ਮੌਕੇ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ, ਐਸਐਸਪੀ ਅਵਨੀਤ ਕੌਰ ਸਿੱਧੂ, ਏਡੀਸੀ ਜਨਰਲ ਡਾ: ਮਨਦੀਪ ਕੌਰ ਵੀ ਵਿਸੇਸ਼ ਤੌਰ ਤੇ ਹਾਜਰ ਰਹੇ।

Advertisements

ਇਸ ਮੌਕੇ ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਨਾਰੀ ਤੋਂ ਬਿਨ੍ਹਾਂ ਸਮਾਜ ਦਾ ਵਜੂਦ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਅੱਜ ਸਮਾਜ ਦੇ ਹਰ ਖੇਤਰ ਵਿਚ ਆਪਣੀ ਹੋਂਦ ਸਿੱਧ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਉਤਸਾਹ ਨਾਲ ਅੱਜ ਦੇ ਇਸ ਜਿ਼ਲ੍ਹਾ ਪੱਧਰੀ ਸਮਾਗਮ ਵਿਚ ਮਹਿਲਾਵਾਂ ਨੇ ਹਿੱਸੇਦਾਰੀ ਕੀਤੀ ਹੈ ਇਹ ਉਨ੍ਹਾਂ ਵਿਚ ਜਨਤਕ ਥਾਂਵਾਂ ਤੇ ਆਪਣੀ ਦਾਵੇਦਾਰੀ ਦੇ ਦਾਅਵੇ ਦੀ ਮਜਬੂਤੀ ਨੂੰ ਸਿੱਧ ਕਰਦੀ ਹੈ।ਇਸ ਮੌਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਦੌੜ ਦੀ ਸਮਾਪਤੀ ਤੋਂ ਬਾਅਦ ਇਕ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਅਤੇ ਰੌਮਾਂਚਕ ਖੇਡਾਂ ਹੋਈਆਂ ਜਿਸ ਵਿਚ ਮਹਿਲਾਵਾਂ ਨੇ ਵੱਡੋ ਜ਼ੋਸ ਨਾਲ ਭਾਗ ਲਿਆ।ਇੱਥੇ ਮਹਿਲਾਵਾਂ ਵਿਚਕਾਰ ਰੱਸਾ ਕਸੀ, ਚਮਚ ਨਿੰਬੂ ਦੌੜ, ਤਿੰਨ ਪੈਰ ਰੇਸ, ਮਟਕਾ ਦੌੜ ਅਤੇ ਮਿਉਜਿਕਲ ਚੇਅਰ ਖੇਡ ਨੇ ਸਮਾਗਮ ਨੂੰ ਰੌਮਾਂਚ ਦੀ ਅੰਤਿਮ ਸੀਮਾ ਤੱਕ ਪਹੁੰਚਾ ਦਿੱਤਾ। ਪਿੰਡ ਬਹਾਵ ਵਾਲਾ ਤੋਂ ਆਈਆਂ ਲੜਕੀਆਂ ਵੱਲੋਂ ਜੋਸ਼ੀਲਾ ਗੱਤਕਾ ਖੇਡਿਆ ਗਿਆ। ਦੀਵਾਨ ਖੇੜਾ ਸਕੂਲ ਦੀ ਵਿਦਿਆਰਥਣ ਵੱਲੋਂ ਅੰਮ੍ਰਿਤਾ ਪ੍ਰੀਤਮ ਬਾਰੇ ਸੋਲੋ ਨਾਟਕ, ਨਿੱਕੀ ਬੱਚੀ ਸੇਜਲ ਦੇ ਨਾਚ ਅਤੇ ਦਿਵਿਆਂਗ ਰੇਖਾ ਵੱਲੋਂ ਪੰਜਾਬੀ ਗਾਣਿਆਂ ਦੇ ਨਾਚ ਨੇ ਸਮਾਗਮ ਨੂੰ ਹੋਰ ਵੀ ਮਨੋਰੰਜਕ ਕਰ ਦਿੱਤਾ।ਇਸ ਮੌਕੇ ਰੰਗਲਾ ਬੰਗਲਾ ਫਾਜਿਲਕਾ ਵੱਲੋਂ ਵੀ ਪੇਸ਼ਕਾਰੀ ਦਿੱਤੀ ਗਈ।

ਇਸ ਮੌਕੇ ਜਿ਼ਲ੍ਹਾ ਪ੍ਰੋਗਰਾਮ ਦਫ਼ਤਰ ਫਾਜਿ਼ਲਕਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਵੱਲੋਂ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ ਅਤੇ ਸਵੈ ਸਹਾਇਤਾ ਸਮੂਹਾਂ ਵੱਲੋਂ ਵੀ ਆਪਣੇ ਸਟਾਲ ਸਥਾਪਿਤ ਕੀਤੇ ਗਏ ਸਨ। ਪੰਜਾਬੀ ਵਿਰਸੇ ਦੀਆਂ ਵਸਤਾਂ ਨਾਲ ਸਬੰਧਤ ਸਟਾਲ ਤੇ ਸਭ ਤੋਂ ਵੱਧ ਰੌਣਕ ਰਹੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਹਾਜਰ ਮਹਿਲਾਵਾਂ ਨਾਲ ਗਿੱਧਾ ਵੀ ਪਾਇਆ। ਇਸ ਮੌਕੇ ਪੌਦੇ ਵੀ ਲਗਾਏ ਗਏ ਅਤੇ ਮਹਿਮਾਨਾਂ ਅਤੇ ਹਾਜਰੀਨ ਨੂੰ ਵੀ ਪੌਦੇ ਵੰਡੇ ਗਏ। ਇਸ ਤੋਂ ਬਿਨਾਂ ਰੈੱਡ ਕਰਾਸ ਸੁਸਾਇਟੀ ਫਾਜ਼ਿਲਕਾ ਵੱਲੋਂ ਮਹਿਲਾਵਾ ਨੂੰ ਹਾਈਜੀਨ ਕਿੱਟਾਂ ਵੀ ਵੰਡੀਆਂ ਗਈਆਂ।

ਇਸ ਮੌਕੇ ਐਸਡੀਐਮ ਨਿਕਾਸ ਖੀਂਚੜ ਅਤੇ ਰਵਿੰਦਰ ਸਿੰਘ ਅਰੋੜਾ, ਸਹਾਇਕ ਕਮਿਸ਼ਨਰ ਸ: ਸਾਰੰਗਪ੍ਰੀਤ ਸਿੰਘ ਔਜਲਾ, ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ, ਡੀਸੀਪੀਓ ਰੀਤੂ, ਸੀਡੀਪੀਓ ਨਵਦੀਪ ਕੌਰ, ਉਪ ਜਿ਼ਲ੍ਹਾ ਸਿੱਖਿਆ ਅਫ਼ਸਰ ਅੰਜੂ ਸੇਠੀ, ਕੌਂਸਲਰ ਪੂਜਾ ਲੂਥਰਾ, ਕਾਰਜਸਾਧਕ ਅਫ਼ਸਰ ਮੰਗਤ ਰਾਮ ਆਦਿ ਵੀ ਹਾਜਰ ਸਨ। ਮੰਚ ਸੰਚਾਲਣ ਸਤਿੰਦਰ ਕੌਰ ਵੱਲੋਂ ਕੀਤਾ ਗਿਆ।

LEAVE A REPLY

Please enter your comment!
Please enter your name here