ਖੇਤੀਬਾੜੀ ਵਿਭਾਗ ਨੇ ਡਿਜ਼ੀਟਲ ਅਖਬਾਰ ‘ਉੱਤਮ ਖੇਤੀ’ ਦੀ ਕੀਤੀ ਸ਼ੁਰੂਆਤ

ਗੁਰਦਾਸਪੁਰ (ਦ ਸਟੈਲਰ ਨਿਊਜ਼): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਵੱਲੋਂ ਇੱਕ ਹੋਰ ਨਵੀਂ ਪਹਿਲਕਦਮੀ ਕਰਦਿਆਂ ਕਿਸਾਨਾਂ ਨੂੰ ਸੂਚਨਾ ਤਕਨੌਲੋਜੀ ਜਰੀਏ ਖੇਤੀਬਾੜੀ ਦੇ ਨਵੇਂ ਢੰਗਾਂ ਅਤੇ ਖੇਤੀ ਮਾਹਿਰਾਂ ਦੀਆਂ ਸਲਾਹਾਂ ਤੋਂ ਜਾਣੂ ਕਰਵਾਉਣ ਲਈ ਮਹੀਨਾਵਾਰ ਡਿਜ਼ੀਟਲ ਅਖਬਾਰ ‘ਉੱਤਮ ਖੇਤੀ’ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇਸ ਡਿਜ਼ੀਟਲ ਅਖਬਾਰ ‘ਉੱਤਮ ਖੇਤੀ’ ਦੇ ਪਹਿਲੇ ਐਡੀਸ਼ਨ ਨੂੰ ਅੱਜ ਆਪਣੇ ਦਫ਼ਤਰ ਵਿਖੇ ਰੀਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਉੱਤਮ ਖੇਤੀ ਅਖਬਾਰ ਦੇ ਮੁੱਖ ਸੰਪਾਦਕ ਅਤੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਅਮਰੀਕ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਕ੍ਰਿਪਾਲ ਸਿੰਘ ਅਤੇ ਡਾ. ਹਰਭਿੰਦਰ ਸਿੰਘ ਖੇਤੀਬਾੜੀ ਅਫ਼ਸਰ ਵੀ ਹਾਜ਼ਰ ਸਨ।

Advertisements

ਉੱਤਮ ਖੇਤੀ ਅਖਬਾਰ ਦੇ ਡਿਜ਼ੀਟਲ ਐਡੀਸ਼ਨ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅੱਜ ਦੇ ਇਸ ਤਕਨੀਕੀ ਯੁਗ ਵਿੱਚ ਡਿਜੀਟਲ ਮੰਚ ਦੀ ਬਾਂਹ ਫੜ੍ਹਨੀ ਬਹੁਤ ਜਰੂਰੀ ਹੈ ਕਿਉਂਕਿ ਇਸ ਮੰਚ ਦੀ ਵਰਤੋਂ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਜਿਆਦਾ ਕਿਸਾਨਾਂ ਤੱਕ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ  ਖੇਤੀ ਦੇ ਕਿੱਤੇ ਨੂੰ ਉਚਾਈਆਂ ‘ਤੇ ਲੈ ਕੇ ਜਾਣ ਲਈ ਨੌਜਵਾਨ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਸ ਡਿਜੀਟਲ ਯੁਗ ਵਿੱਚ ਇਸ ਵਰਗ ਦੇ ਜਿਆਦਾਤਰ ਕਿਸਾਨ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇਸ ਉਪਰਾਲੇ ਰਾਹੀਂ ਇਸ ਵੱਡੇ ਵਰਗ ਨੂੰ ਡਿਜੀਟਲ ਮੰਚ ਨਾਲ ਜੋੜਕੇ ਖੇਤੀ ਦੇ ਵਿਸ਼ਿਆਂ ਦੀ ਜਾਣਕਾਰੀ ਜ਼ਮੀਨੀ ਪੱਧਰ ‘ਤੇ ਪਹੁੰਚਾਈ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦਾ ਇਹ ਉਪਰਾਲਾ ਜਿਥੇ ਕਿਸਾਨਾਂ ਨੂੰ ਮਹੀਨਾਵਾਰ ਖੇਤੀ ਵਿਸ਼ਿਆਂ, ਖੇਤੀ ਸਹਾਇਕ ਕਿੱਤੇ, ਮੂਲ ਅਨਾਜ ਦੀ ਖੇਤੀ ਬਾਰੇ ਅਹਿਮ ਭੁਮਿਕਾ ਨਿਭਾਏਗਾ ਉਸ ਦੇ ਨਾਲ ਹੀ ਖੇਤੀ ਵਿੱਚ ਇਜ਼ਾਦ ਹੋਈਆਂ ਨਵੀਆਂ ਤਕਨੀਕਾਂ ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ ਆਦਿ ਨੂੰ ਕਿਸਾਨਾਂ ਵਿੱਚ ਪ੍ਰਚਲਿਤ ਕਰਨ ਲਈ ਮਦਦਗਾਰ ਹੋਵੇਗਾ। ਇਸ ਤੋਂ ਇਲਾਵਾ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਅਤੇ ਮਨੁੱਖੀ ਜੀਵਨ ਨੂੰ ਹੋ ਰਹੇ ਨੁਕਸਾਨ ਤੋਂ ਕਿਸਾਨਾਂ ਨੂੰ ਸਾਵਧਾਨ ਕਰਕੇ ਖੇਤਾਂ ਨੂੰ ਅੱਗ ਨਾ ਲਗਾਕੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਖੇਤਾਂ ਵਿੱਚ ਹੀ ਜਜ਼ਬ ਕਰਕੇ ਮਿੱਟੀ ਨੂੰ ਉਪਜਾਊ ਬਨਾਉਣ ਲਈ ਸਹਾਈ ਸਿੱਧ ਹੋਵੇਗਾ। ਇਸ ਨਵੇਕਲੀ ਪਹਿਲਕਦਮੀ ਲਈ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਰਾਹਨਾ ਕੀਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਡਿਜ਼ੀਟਲ ਅਖਬਾਰ ਵਿੱਚ ਦਿੱਤੀਆਂ ਸਲਾਹਾਂ ਅਤੇ ਢੰਗ ਤਰੀਕਿਆਂ ਨੂੰ ਆਪਣੀ ਖੇਤੀ ਵਿੱਚ ਲਾਗੂ ਕਰਨ।  

ਉੱਤਮ ਖੇਤੀ ਅਖਬਾਰ ਦੇ ਮੁੱਖ ਸੰਪਾਦਕ ਅਤੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਅਮਰੀਕ ਸਿੰਘ ਨੇ ਇਸ ਡਿਜ਼ੀਟਲ ਅਖਬਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀ ਪਸਾਰ ਮਾਧਿਅਮ ਦੇ ਬਦਲਦੇ ਰੂਪ ਜਿਵੇਂ ਕਿ ਸੋਸ਼ਲ ਮੀਡੀਆ (ਵਟਸ-ਐਪ, ਫੇਸਬੁਕ, ਯੂ-ਟਿਊਬ) ਆਦਿ ਰਿਵਾਇਤੀ ਖੇਤੀ ਪਸਾਰ ਮਾਧਿਅਮ ਜਿਵੇਂ ਸਿਖਲਾਈ ਕੈਂਪ ਦਾ ਬੇਹਤਰ ਬਦਲ ਬਣ ਸਕਦਾ ਹੈ। ਇਸ ਮਾਧਿਅਮ ਦੀ ਵਰਤੋਂ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਜਿਆਦਾ ਕਿਸਾਨਾਂ ਤੱਕ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਅਖਬਾਰ ਵਿੱਚ ਖੇਤੀ ਦੇ ਮਹੀਨਾਵਾਰ ਰੁਝੇਵੇਂਂ, ਸਫਲ ਕਿਸਾਨਾਂ ਦੀਆਂ ਕਹਾਣੀਆਂ ਅਤੇ ਖੇਤੀ ਮਾਹਿਰਾਂ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਜਾਂਦੀਆਂ ਸਲਾਹਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗਿਆਨ ਦੀ ਪ੍ਰਾਪਤੀ ਲਈ ਇਹ ਡਿਜਟਿਲ ਮੰਚ ਨੌਜਵਾਨ ਕਿਸਾਨਾਂ ਲਈ ਇੱਕ ਬੇਹਤਰ ਗਿਆਨ ਦਾ ਸਰੋਤ ਸਾਬਤ ਹੋਵੇਗਾ।    

LEAVE A REPLY

Please enter your comment!
Please enter your name here