ਸੂਬੇ ਦੇ ਸਾਰੇ ਪਿੰਡਾਂ ‘ਚ ਦੂਸ਼ਿਤ ਪਾਣੀ ਨੂੰ ਸਾਫ਼ ਕਰਨ ਲਈ ਸੀਚੇਵਾਲ ਤੇ ਥਾਪਰ ਮਾਡਲ ਨਾਲ ਛੱਪੜਾਂ ਦਾ ਕੀਤਾ ਜਾਵੇਗਾ ਨਵੀਨੀਕਰਨ: ਡਾ. ਬਲਬੀਰ

ਪਟਿਆਲਾ (ਦ ਸਟੈਲਰ ਨਿਊਜ਼): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ ਸਾਰੇ ਪਿੰਡਾਂ ‘ਚ ਦੂਸ਼ਿਤ ਪਾਣੀ ਨੂੰ ਸਾਫ਼ ਕਰਨ ਲਈ ਸੀਚੇਵਾਲ ਤੇ ਥਾਪਰ ਮਾਡਲ ਨਾਲ ਛੱਪੜਾਂ ਦਾ ਨਵੀਨੀਕਰਨ ਕੀਤਾ ਜਾਵੇਗਾ, ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਮਿਲ ਸਕੇ ਅਤੇ ਸੋਧੇ ਹੋਏ ਪਾਣੀ ਦੀ ਖੇਤਾਂ ‘ਚ ਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਨੂੰ ਵੀ ਬਚਾਇਆ ਜਾ ਸਕੇ। ਉਹ ਅੱਜ ਪਿੰਡ ਲੰਗ ਵਿਖੇ 32 ਲੱਖ ਰੁਪਏ ਦੀ ਲਾਗਤ ਨਾਲ ਥਾਪਰ ਮਾਡਲ ਨਾਲ ਬਣੇ ਛੱਪੜ ਦਾ ਜਾਇਜ਼ਾ ਲੈਣ ਲਈ ਪੁੱਜੇ ਹੋਏ ਸਨ।

Advertisements

ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿੰਡ ਲੰਗ ਦੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਜਿਥੇ ਇਸ ਦੀ ਵਰਤੋਂ ਛੱਪੜ ਦੇ ਨੇੜਲੇ ਖੇਤਾਂ ‘ਚ ਸਿੰਚਾਈ ਲਈ ਕੀਤੀ ਜਾਵੇਗੀ, ਉਥੇ ਹੀ ਨਾਲ ਲੱਗਦੀ ਨਰਸਰੀ ‘ਚ ਬੂਟਿਆਂ ਲਈ ਵੀ ਇਹ ਪਾਣੀ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਛੱਪੜ ਦੇ ਨਾਲ ਜੋ ਪੰਜ ਏਕੜ ਜਗ੍ਹਾ ਹੈ ਇਸ ਦਾ ਵੀ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਬੂਟੇ ਲਗਾਕੇ ਸੈਰਗਾਹ ਵਜੋਂ ਵਿਕਸਤ ਕਰਨ ਲਈ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਪਟਿਆਲਾ ਦਿਹਾਤੀ ਦੇ ਸਾਰੇ 60 ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਾਣੀ ਦੀ ਵਰਤੋਂ ਨਾਲ ਜਿਥੇ ਧਰਤੀ ਹੇਠਲਾ ਪਾਣੀ ਬਚੇਗਾ ਨਾਲ ਹੀ ਖਾਦਾਂ ਦੀ ਵਰਤੋਂ ਘੱਟ ਹੋਵੇਗੀ ਅਤੇ ਕਿਸਾਨਾਂ ਨੂੰ ਇਹ ਪਾਣੀ ਮੁਫ਼ਤ ‘ਚ ਵੀ ਉਪਲਬਧ ਹੋਵੇਗਾ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ।

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡ ਨੰਦਪੁਰ ਕੇਸੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਨਵੇਂ ਲੱਗੇ ਸਬਮਰਸੀਬਲ ਪੰਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਤੇ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ, ਇਸ ਲੜੀ ਤਹਿਤ ਪ੍ਰਿੰਸੀਪਲਾਂ ਨੂੰ ਟਰੇਨਿੰਗ ਲਈ ਸਿੰਗਾਪੁਰ ਵੀ ਭੇਜਿਆ ਗਿਆ ਹੈ ਅਤੇ ਸੂਬੇ ‘ਚ ਸਕੂਲ ਆਫ਼ ਐਮੀਨੈਂਸ ਵੀ ਬਣਾਏ ਜਾ ਰਹੇ ਹਨ।

ਇਸ ਮੌਕੇ ਨੰਦਪੁਰ ਕੇਸੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਕਮਲਜੀਤ ਕੌਰ ਅਤੇ ਪਿੰਡ ਦੇ ਸਰਪੰਚ ਬਲਵਿੰਦਰ ਕੌਰ ਵੱਲੋਂ ਕੈਬਨਿਟ ਮੰਤਰੀ ਦਾ ਸਕੂਲ ਪੁੱਜਣ ‘ਤੇ ਸਵਾਗਤ ਕੀਤਾ ਗਿਆ ਅਤੇ ਸਕੂਲ ‘ਚ ਗਰਾਊਂਡ ਤੇ ਬਾਸਕਟਬਾਲ ਕੋਰਟ ਬਣਾਉਣ ਲਈ ਦਿੱਤੀ 5 ਲੱਖ ਦੀ ਗਰਾਂਟ ਲਈ ਧੰਨਵਾਦ ਕੀਤਾ। ਉਨ੍ਹਾਂ ਏਸ਼ੀਅਨ ਗਰੁੱਪ ਆਫ਼ ਕਾਲਜ ਦੇ ਚੇਅਰਮੈਨ ਤਰਸੇਮ ਸੈਣੀ ਅਤੇ ਹਿਊਮਨ ਰਾਈਟਸ ਪ੍ਰੋਟੈਕਸਨ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਦਾ ਸਕੂਲ ਦੀ ਸਮੇਂ ਸਮੇਂ ‘ਤੇ ਕੀਤੀ ਜਾਂਦੀ ਮਦਦ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡ ਨੰਦਪੁਰ ਕੇਸੋ ਦੀ ਸੱਥ ‘ਚ ਜਾ ਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆਂ ਅਤੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੰਦਪੁਰ ਕੇਸੋ ਪਿੰਡ ਦੇ ਛੱਪੜਾਂ ਦੀ ਸਫ਼ਾਈ ਤੇ ਸੜਕਾਂ ‘ਤੇ ਬੂਟੇ ਲਗਾਉਣ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਏਨੇ ਸਾਲਾਂ ਤੋਂ ਬਿਮਾਰ ਪਏ ਪਿੰਡਾਂ ਦੀ ਨੁਹਾਰ ਬਦਲਕੇ ਪਿੰਡਾਂ ਦੇ ਪਿੰਡ ਦੇ ਲੋਕਾਂ ਨੂੰ ਤੰਦਰੁਸਤ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here