ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਲਈ ਰੁੱਖ ਲਗਾਓ ਅਤੇ ਪਾਣੀ ਦੀ ਬੱਚਤ ਕਰੋ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼)। ਵਿਸ਼ਵ ਜਲ ਦਿਵਸ ਮਨਾਉਣ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਵੱਲੋਂ ਅੱਜ ਇੱਥੇ ਡਿਜੀਟਲ ਲਾਇਬ੍ਰੇਰੀ ਵਿਖੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਲਗਾਈ ਗਈ ਫੋਟੋ ਪ੍ਰਦਰਸ਼ਨੀ ਦੀ ਥਾਂ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।

Advertisements

ਇਸ ਸਮਾਗਮ ਵਿੱਚ ਆਈਟੀਆਈ ਵਿਦਿਆਰਥੀਆਂ, ਨਹਿਰੂ ਯੁਵਾ ਕੇਂਦਰ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ।

ਇਸ ਤੋਂ ਪਹਿਲਾਂ ਬੀਤੇ ਕੱਲ੍ਹ ਮਨਾਏ ਗਏ ਅੰਤਰਰਾਸ਼ਟਰੀ ਜੰਗਲਾਤ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਜੰਗਲਾਤ ਅਫ਼ਸਰ ਦੇ ਤਾਲਮੇਲ ਨਾਲ ਭੰਗੀ ਚੋਆ (ਨਾਲਾ) ਨੇੜੇ ਵੀ ਰੁੱਖ ਲਗਾਏ ਗਏ ਜਿੱਥੇਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਸਹਾਇਕ ਕਮਿਸ਼ਨਰ ਵਿਓਮ ਮਿੱਤਲ ਨੇ ਸੀਬੀਸੀ ਦੇ ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ ਨੇ ਨਾਲ ਮਿਲ ਕੇ ਬੂਟੇ ਲਗਾਏ। ਇਸ ਮੌਕੇ ਜੰਗਲਾਤ ਵਿਭਾਗ ਦੀ ਬਲਾਕ ਅਧਿਕਾਰੀ  ਹਰਸ਼ਿਕਾ ਵੀ ਮੌਜੂਦ ਸੀ।

ਕੋਮਲ ਮਿੱਤਲ ਨੇ ਕਿਹਾ ਕਿ ਹੁਸ਼ਿਆਰਪੁਰ ਨੂੰ ਹੋਰ ਹਰਿਆ ਭਰਿਆ ਬਣਾਉਣ ਦੀ ਸਾਡੀ ਕੋਸ਼ਿਸ਼ ਹੈ। ਉਨ੍ਹਾਂ ਸਾਰਿਆਂ ਨੂੰ ਵਾਤਾਵਰਨ ਨੂੰ ਵਧੀਆ ਬਣਾਉਣ ਲਈ  ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਨਿੱਜੀ ਤੌਰ ‘ਤੇ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ।

ਉਨ੍ਹਾਂ ਇਹ ਵੀ ਕਿਹਾ ਕਿ ਪਾਣੀ ਦੀ ਸੰਭਾਲ ਲਈ ਸਾਰਿਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਸਾਨੂੰ ਸਮੂਹਿਕ ਤੌਰ ‘ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ। ਸਿਰਫ਼ ਵਿਸ਼ਵ ਜਲ ਦਿਵਸ ਮਨਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਸਾਰਿਆਂ ਨੂੰ ਪਾਣੀ ਦੀ ਬੇਲੋੜੀ ਬਰਬਾਦੀ ਨਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।”

ਇਸ ਮੌਕੇ ਜਲ ਜੀਵਨ ਮਿਸ਼ਨ ਵਿਭਾਗ ਦੇ ਕਮਿਊਨਿਟੀ ਡਿਵੈਲਪਮੈਂਟ ਸਪੈਸ਼ਲਿਸਟ ਹਰਬੀਰ ਸਿੰਘ ਨੇ ਸਾਡੇ ਜੀਵਨ ਵਿੱਚ ਪਾਣੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਹਰ ਚਾਰ ਵਿੱਚੋਂ ਇੱਕ ਵਿਅਕਤੀ ਕੋਲ ਪੀਣ ਵਾਲਾ ਸਾਫ਼ ਪਾਣੀ ਨਹੀਂ ਹੈ। ਅੰਜੂ ਸ਼ਰਮਾ, ਸੂਚਨਾ, ਸਿੱਖਿਆ ਅਤੇ ਸੰਚਾਰ ਸਪੈਸ਼ਲਿਸਟ (ਆਈਈਸੀ) ਅਤੇ ਸਵਿਤਾ, ਬਲਾਕ ਰਿਸੋਰਸ ਕੋਆਰਡੀਨੇਟਰ (ਬੀਆਰਸੀ) ਨੇ ਵੀ ਸੰਬੋਧਨ ਕੀਤਾ ਅਤੇ ਪਾਣੀ ਦੀ ਸੰਭਾਲ ਅਤੇ ਹੱਥ ਧੋਣ ਦੀ ਮਹੱਤਤਾ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ।

ਸੀਬੀਸੀ ਦੇ ਸੱਭਿਆਚਾਰਕ ਇਕਾਈ  ਦੇ ਕਲਾਕਾਰਾਂ ਨੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਨੁੱਕੜ ਨਾਟਕ ਰਾਹੀਂ ਪਾਣੀ ਬਚਾਉਣ ਦਾ ਸੰਦੇਸ਼ ਦਿੰਦੇ ਹੋਏ ਆਪਣੀ ਕਲਾ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।

ਫੋਟੋ ਪ੍ਰਦਰਸ਼ਨੀ ਦੀ ਥਾਂ ‘ਤੇ ਲਗਾਇਆ ਗਿਆ ਇੰਡੀਆ ਗੇਟ ਦਾ ਮਾਡਲ ਜ਼ਿਆਦਾਤਰ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ ਅਤੇ ਲੋਕਾਂ ਨੇ ਇਸ ਨਾਲ ਤਸਵੀਰਾਂ ਖਿੱਚਣ ਨੂੰ ਤਰਜੀਹ ਦੇ ਕੇ ਸਮਾਗਮ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ।

ਪ੍ਰਦਰਸ਼ਨੀ ਵਾਲੀ ਥਾਂ ‘ਤੇ ਯੂਨੀਕ ਡਿਸਏਬਿਲਟੀ ਆਈ.ਡੀ. (ਯੂ.ਡੀ.ਆਈ.ਡੀ.), ਆਧਾਰ ਅੱਪਡੇਟ ਅਤੇ ਆਧਾਰ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਨਾਲ ਸਬੰਧਤ ਸਟਾਲ ਲੋਕਾਂ ਨੂੰ ਆਪਣੀਆਂ ਵਧੀਆ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

ਰਾਜੇਸ਼ ਬਾਲੀ, ਫੀਲਡ ਪਬਲੀਸਿਟੀ ਅਫਸਰ, ਸੀ.ਬੀ.ਸੀ.-ਕਮ-ਨੋਡਲ ਅਫਸਰ, ਪ੍ਰਦਰਸ਼ਨੀ ਨੇ ਦੱਸਿਆ ਕਿ 23 ਮਾਰਚ (ਵੀਰਵਾਰ) ਨੂੰ ਭਾਰਤੀ ਸੁਤੰਤਰਤਾ ਸੰਗਰਾਮ ਦੇ ਤਿੰਨ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਜੀ.ਐਨ.ਏ ਕਾਲਜ ਦੇ ਤਾਲਮੇਲ ਨਾਲ ਜੀ.ਐਨ.ਏ. ਜ਼ਿਲ੍ਹਾ ਪ੍ਰਸ਼ਾਸਨ ਅਤੇ ਫਿੱਟ ਬਾਈਕਰਜ਼ ਕਲੱਬ ਵੱਲੋਂ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ‘ਸੇ ਨੋ ਟੂ ਡਰੱਗਜ਼’ ਦਾ ਸੰਦੇਸ਼ ਫੈਲਾਉਂਦੀ ਹੋਈ ਡਿਜੀਟਲ ਲਾਇਬ੍ਰੇਰੀ ਵਿਖੇ ਸਮਾਪਤ ਹੋਵੇਗੀ।

ਸ਼ਹੀਦੀ ਦਿਵਸ ਮੌਕੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿਚਕਾਰ ਦੇਸ਼ ਭਗਤੀ ‘ਤੇ ਆਧਾਰਿਤ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣਗੇ। 

LEAVE A REPLY

Please enter your comment!
Please enter your name here