ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਨਾਟਕ ਮੇਲਾ ਆਰੰਭ

ਪਟਿਆਲਾ (ਦ ਸਟੈਲਰ ਨਿਊਜ਼)। ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਨਾਟਕ ਮੇਲਾ ਇੱਥੇ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਆਰੰਭ ਹੋ ਗਿਆ ਹੈ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾਂ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਥੀਏਟਰ ਫੋਰਮ ਪਟਿਆਲਾ ਦੇ ਸਹਿਯੋਗ ਨਾਲ ਵਿਭਾਗ ਦੇ ਓਪਨ ਏਅਰ ਥੀਏਟਰ ਵਿਖੇ ਆਯੋਜਿਤ ਇਸ ਮੇਲੇ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਜੱਗਾ ਮੁੱਖ ਮਹਿਮਾਨ ਵਜੋਂ ਪੁੱਜੇ। ਸਮਾਗਮ ਦੀ ਪ੍ਰਧਾਨਗੀ ਉੱਘੇ ਰੰਗਕਰਮੀ ਪ੍ਰਾਣ ਸੱਭਰਵਾਲ ਨੇ ਕੀਤੀ। ਪਹਿਲੇ ਦਿਨ ਜੋਗਾ ਸਿੰਘ ਖੀਵਾ ਦੀ ਨਿਰਦੇਸ਼ਨਾ ‘ਚ ਨਾਟਕ ‘ਉਸ ਨੂੰ ਨਾ ਦੱਸੀ’ ਦਾ ਮੰਚਨ ਸੁਖਨਵਰ ਰੰਗਮੰਚ ਦੀ ਟੀਮ ਵੱਲੋਂ ਕੀਤਾ ਗਿਆ।
ਸੰਯੁਕਤ ਨਿਰਦੇਸ਼ਕਾਂ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀ 75ਵੀਂ ਵਰ੍ਹੇਗੰਢ ਦੇ ਸਬੰਧਿਤ ‘ਚ ਕਰਵਾਏ ਜਾ ਰਹੇ ਨਾਟਕ ਮੇਲੇ ਦੀ ਤਫ਼ਸੀਲ ਮਹਿਮਾਨਾਂ ਤੇ ਦਰਸ਼ਕਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਭਾਸ਼ਾ ਵਿਭਾਗ ਵੱਲੋਂ ਸਾਹਿਤ ਦੀ ਹਰ ਵਿਧਾ ਨਾਲ ਸਬੰਧਿਤ ਸਮਾਗਮ ਕਰਵਾਏ ਜਾਂਦੇ ਹਨ, ਜਿਸ ਤਹਿਤ ਸ਼ਕਤੀਸ਼ਾਲੀ ਮਾਧਿਅਮ ਨਾਟਕ ਦਾ ਮੰਚਨ ਵੀ ਵਿਭਾਗ ਵੱਲੋਂ ਵੱਖ-ਵੱਖ ਮੌਕਿਆਂ ‘ਤੇ ਕਰਵਾਇਆ ਜਾਂਦਾ ਹੈ। ਮੁੱਖ ਮਹਿਮਾਨ ਜਗਦੀਪ ਸਿੰਘ ਜੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਕਲਾਕਾਰਾਂ ਨੂੰ ਸਤਿਕਾਰ ਦੇਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ ਅਤੇ ਪੰਜਾਬੀ ਸਭਿਆਚਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸੂਬੇ ਦੀ ਸਰਕਾਰ ਰੰਗਕਰਮੀਆਂ ਨੂੰ ਵੀ ਢੁਕਵਾਂ ਸਨਮਾਨ ਦੇਵੇਗੀ। ਆਪਣੇ ਪ੍ਰਧਾਨਗੀ ਭਾਸ਼ਣ ‘ਚ ਰੰਗਕਰਮੀ ਪ੍ਰਾਣ ਸੱਭਰਵਾਲ ਨੇ ਸੂਬੇ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਪੰਜਾਬੀ ਸਭਿਆਚਾਰਕ ਸਰਗਰਮੀਆਂ ਨੂੰ ਹੁਲਾਰਾ ਦੇਣ ਲਈ ਚੁੱਕੇ ਗਏ ਕਦਮਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਰੰਗਮੰਚ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾਣ ਵਾਲੇ ਉੱਦਮਾਂ ਦੀ ਸ਼ਲਾਘਾ ਕੀਤੀ।

Advertisements

ਸਮਾਗਮ ਦੌਰਾਨ ਮੁੱਖ ਵਕਤਾ ਡਾ. ਸਰਬਜੀਤ ਸਿੰਘ ਨੇ ਰੰਗਮੰਚ ਨਾਲ ਜੁੜੇ ਰੰਗਕਰਮੀਆਂ ਦੀ ਸੰਘਰਸ਼ ਤੇ ਸਿਰੜ ਭਰੀ ਘਾਲਣਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਰੰਗਮੰਚ ਨਾਲ ਜੁੜਨਾ ਇੱਕ ਜਨੂੰਨ ਹੁੰਦਾ ਹੈ। ਰੰਗਮੰਚ ਸਮਾਜ ਨੂੰ ਜਾਗਰੂਕ ਕਰਨ ਅਤੇ ਕਲਾਕਾਰ ਦੀ ਨਿੱਜੀ ਸੰਤੁਸ਼ਟੀ ਦਾ ਸਾਧਨ ਹੈ। ਇਸ ਤੋਂ ਘਰ ਚਲਾਉਣਾ ਮੁਸ਼ਕਲ ਹੈ ਇਹ ਇੱਕ ਵੱਡੀ ਸਮਾਜ ਸੇਵਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਰੰਗਮੰਚ ਦੀ ਵਰਤੋਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਕੀਤੀ ਜਾਵੇ ਅਤੇ ਰੰਗਕਰਮੀਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ।

ਵਿਨੋਦ ਕੌਸ਼ਲ ਨੇ ਵਿਸ਼ਵ ਰੰਗਮੰਚ ਦਿਵਸ ਮੌਕੇ ਕੌਮਾਂਤਰੀ ਰੰਗਮੰਚ ਸੰਸਥਾ ਦਾ ਸੰਦੇਸ਼ ਪੜ੍ਹਿਆ। ਕਰਤਾਰ ਸਿੰਘ ਦੁੱਗਲ ਦੇ ਲਿਖੇ ਜੋਗਾ ਸਿੰਘ ਖੀਵਾ ਦੁਆਰਾ ਨਿਰਦੇਸ਼ਤ ਨਾਟਕ ‘ਉਸ ਨੂੰ ਨਾ ਦੱਸੀ’ ਦਾ ਵਿਸ਼ਾ ਵਸਤੂ ਭਾਰਤੀ ਸੈਨਿਕਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਦਿੱਤੇ ਜਾਣ ਵਾਲੇ ਯੋਗਦਾਨ ‘ਤੇ ਕੇਂਦਰਤ ਸੀ। ਇਸ ਨਾਟਕ ‘ਚ ਅੰਜੂ ਸੈਣੀ ਨੇ ਸ਼ਹੀਦ ਸੈਨਿਕ ਪਤਨੀ ਅਤੇ ਮਾਂ ਦਾ ਕੇਂਦਰੀ ਕਿਰਦਾਰ ਬਾਖੂਬੀ ਨਿਭਾਇਆ। ਉਭਰਦੀ ਅਦਾਕਾਰਾ ਮਨੀਸ਼ਾ ਨੇ ਤਾਈ ਅਤੇ ਸਾਗਰ ਚੌਹਾਨ ਨੇ ਨੌਜਵਾਨ ਸੈਨਿਕ ਦੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ। ਟਿੰਮੀ ਅਤੇ ਅਜੇ ਸ਼ਰਮਾ ਨੇ ਨਾਟਕ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ। ਇਸ ਪ੍ਰਭਾਵਸ਼ਾਲੀ ਪੇਸ਼ਕਾਰੀ ਦਾ ਵੱਡੀ ਗਿਣਤੀ ‘ਚ ਦਰਸ਼ਕਾਂ ਨੇ ਅਨੰਦ ਮਾਣਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਆਲੋਕ ਚਾਵਲਾ, ਤੇਜਿੰਦਰ ਗਿੱਲ, ਸੁਖਪ੍ਰੀਤ ਕੌਰ, ਅਮਰਿੰਦਰ ਸਿੰਘ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਪੱਤਰਕਾਰ ਰਾਜੇਸ਼ ਪੰਜੋਲਾ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।

LEAVE A REPLY

Please enter your comment!
Please enter your name here